ਅੰਮ੍ਰਿਤਸਰ : ਗੁਰਦੁਆਰਾ ਸਾਹਿਬ ਦੇ ਬਾਹਰ ਸੁੱਤੇ ਮਾਨਸਿਕ ਰੋਗੀ ਨੂੰ ਸ਼ੱਕ ਦੇ ਅਧਾਰ ‘ਤੇ ਕੁੱਟਿਆ, ਜ਼ਖਮੀ ਕਰਕੇ ਥਾਣੇ ਛੱਡਿਆ

0
907

ਅੰਮ੍ਰਿਤਸਰ | ਸ਼ਨੀਵਾਰ ਨੂੰ ਸ੍ਰੀ ਹਰਿਮੰਦਰ ਸਾਹਿਬ ਵਿਖੇ ਵਾਪਰੀ ਘਟਨਾ ਤੋਂ ਬਾਅਦ ਇਕ ਹੋਰ ਮਾਮਲਾ ਸੋਮਵਾਰ ਰਾਤ ਅੰਮ੍ਰਿਤਸਰ ਸ਼ਹਿਰ ਵਿੱਚ ਹੀ ਵਾਪਰਿਆ।

ਇਥੇ ਕੋਈ ਬੇਅਦਬੀ ਨਹੀਂ ਹੋਈ ਪਰ ਸਥਾਨਕ ਲੋਕਾਂ ਨੇ ਗੁਰਦੁਆਰਾ ਸਾਹਿਬ ਦੇ ਬਾਹਰ ਸੁੱਤੇ ਪਏ ਮਾਨਸਿਕ ਰੋਗੀ ਨੂੰ ਚੁੱਕ ਲਿਆ ਤੇ ਸ਼ੱਕ ਦੇ ਆਧਾਰ ‘ਤੇ ਉਸ ਦੀ ਕੁੱਟਮਾਰ ਕਰ ਦਿੱਤੀ ਤੇ ਫਿਰ ਥਾਣਾ ਬੀ-ਡਵੀਜ਼ਨ ਦੀ ਪੁਲਿਸ ਨੂੰ ਸੌਂਪ ਦਿੱਤਾ।

ਪੁਲਿਸ ਨੇ ਜਾਂਚ ਤੋਂ ਬਾਅਦ ਨੌਜਵਾਨ ਦਾ ਇਲਾਜ ਕਰਵਾਇਆ। ਹੁਣ ਉਸ ਨੂੰ ਸੁਰੱਖਿਅਤ ਥਾਂ ‘ਤੇ ਪਹੁੰਚਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਇਹ ਘਟਨਾ ਸੁਦਰਸ਼ਨ ਨਗਰ ਸਥਿਤ ਗੁਰਦੁਆਰਾ ਸਾਹਿਬ ਦੇ ਬਾਹਰ ਵਾਪਰੀ।

ਥਾਣੇ ਵਿੱਚ ਮਾਨਸਿਕ ਰੋਗੀ ਦੀ ਕੁੱਟਮਾਰ ਕਰਕੇ ਛੱਡਣ ਆਏ ਵਿਅਕਤੀਆਂ ਨੇ ਪੁਲਿਸ ਨੂੰ ਦੱਸਿਆ ਕਿ ਇਹ ਨੌਜਵਾਨ ਗੁਰਦੁਆਰਾ ਸਾਹਿਬ ਦਾ ਬੰਦ ਦਰਵਾਜ਼ਾ ਖੜਕਾ ਰਿਹਾ ਸੀ। ਆਵਾਜ਼ ਸੁਣ ਕੇ ਲੋਕ ਇਕੱਠੇ ਹੋ ਗਏ ਤੇ ਨੌਜਵਾਨ ਨੂੰ ਫੜ ਲਿਆ ਗਿਆ।

ਜਦੋਂ ਉਸ ਨੇ ਆਪਣੇ ਬਾਰੇ ਕੁਝ ਨਾ ਦੱਸਿਆ ਤਾਂ ਉਸ ਨੂੰ ਸ਼ੱਕੀ ਸਮਝ ਕੇ ਕੁੱਟ ਸੁੱਟਿਆ। ਜਦੋਂ ਪੁਲਿਸ ਨੇ ਜਾਂਚ ਸ਼ੁਰੂ ਕੀਤੀ ਤਾਂ ਕੁਝ ਲੋਕਾਂ ਨੇ ਦੱਸਿਆ ਕਿ ਉਹ ਕਾਫੀ ਸਮੇਂ ਤੋਂ ਗੁਰਦੁਆਰਾ ਸਾਹਿਬ ਦੇ ਬਾਹਰ ਸੌਂਦਾ ਸੀ ਪਰ ਕਿਸੇ ਨੇ ਉਸ ਨੂੰ ਉਥੋਂ ਚੁੱਕ ਲਿਆ। ਮਾਨਸਿਕ ਤੌਰ ‘ਤੇ ਬਿਮਾਰ ਹੋਣ ਕਾਰਨ ਨੌਜਵਾਨ ਨੇ ਰੌਲਾ ਪਾਉਣਾ ਸ਼ੁਰੂ ਕਰ ਦਿੱਤਾ ਤੇ ਲੋਕਾਂ ਨੇ ਉਸ ਨੂੰ ਗਲਤ ਸਮਝ ਕੇ ਕੁੱਟ ਦਿੱਤਾ।

ਨੌਜਵਾਨ ਨੂੰ ਮੈਂਟਲ ਹਸਪਤਾਲ ਜਾਂ ਪਿੰਗਲਵਾੜਾ ਭੇਜਿਆ ਜਾਵੇਗਾ

ਡੀਸੀਪੀ ਪਰਮਿੰਦਰ ਸਿੰਘ ਭੰਡਾਲ ਨੇ ਦੱਸਿਆ ਕਿ ਸੁਦਰਸ਼ਨ ਨਗਰ ਦੇ ਲੋਕਾਂ ਨੇ ਇਕ ਨੌਜਵਾਨ ਨੂੰ ਫੜ ਕੇ ਥਾਣਾ ਬੀ-ਡਵੀਜ਼ਨ ਦੇ ਹਵਾਲੇ ਕੀਤਾ ਹੈ। ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ, ਨੌਜਵਾਨ ਮਾਨਸਿਕ ਤੌਰ ‘ਤੇ ਠੀਕ ਨਹੀਂ ਹੈ।

ਥਾਣਾ ਸਦਰ ਦੇ ਐੱਸਐੱਚਓ ਨੇ ਵੀ ਇਸ ਦੀ ਪੁਸ਼ਟੀ ਕੀਤੀ ਹੈ। ਉਨ੍ਹਾਂ ਨੇ ਨੌਜਵਾਨ ਦਾ ਇਲਾਜ ਕਰਵਾਇਆ ਤੇ ਹੁਣ ਉਸ ਨੂੰ ਮੈਂਟਲ ਹਸਪਤਾਲ ਜਾਂ ਪਿੰਗਲਵਾੜਾ ਭੇਜਿਆ ਜਾਵੇਗਾ।