ਅੰਮ੍ਰਿਤਸਰ : ਸਰਕਾਰੀ ਹਸਪਤਾਲ ’ਚ ਗਰਭਵਤੀ ਦੀ ਹੀ ਕਰ ਦਿੱਤੀ ਨਲਬੰਦੀ, ਅਲਟਰਾਸਾਊਂਡ ਰਿਪੋਰਟ ’ਚ ਹੋਇਆ ਖੁਲਾਸਾ

0
663


ਅੰਮ੍ਰਿਤਸਰ। ਦੋ ਬੱਚਿਆਂ ਦੇ ਜਨਮ ਤੋਂ ਬਾਅਦ ਨਵਜੋਤ ਕੌਰ ਦੀ ਸਿਵਲ ਹਸਪਤਾਲ ਤੋਂ ਨਲਬੰਦੀ ਕਰਵਾਈ ਗਈ। ਇਹ ਪਰਿਵਾਰ ਨਿਯੋਜਨ ਦਾ ਵਧੀਆ ਬਦਲ ਹੈ ਪਰ ਇੱਥੇ ਜੋ ਹੋਇਆ ਉਸ ਨੇ ਇਸ ਪਰਿਵਾਰ ਨੂੰ ਹਿਲਾ ਕੇ ਰੱਖ ਦਿੱਤਾ। ਨਵਜੋਤ ਕੌਰ ਦੇ ਗਰਭਵਤੀ ਹੋਣ ’ਤੇ ਉਸ ਦੀ ਨਲਬੰਦੀ ਕੀਤੀ ਗਈ ਸੀ। ਅਲਟਰਾਸਾਊਂਡ ਦੀ ਰਿਪੋਰਟ ਤੋਂ ਇਹ ਖੁਲਾਸਾ ਹੋਇਆ ਹੈ।

ਅੰਮ੍ਰਿਤਸਰ ਦੇ ਛੇਹਰਟਾ ਦੀ ਰਹਿਣ ਵਾਲੀ ਨਵਜੋਤ ਕੌਰ ਨੇ ਦੱਸਿਆ ਕਿ ਉਸ ਦੇ ਇਕ ਲੜਕੇ ਦੀ ਉਮਰ ਪੰਜ ਸਾਲ ਹੈ, ਜਦਕਿ ਦੂਜੇ ਦੀ ਉਮਰ ਸਾਢੇ ਤਿੰਨ ਸਾਲ ਹੈ। ਇਸ ਸਾਲ 12 ਮਾਰਚ ਨੂੰ ਉਸਨੇ ਸਿਵਲ ਹਸਪਤਾਲ ਤੋਂ ਨਲਬੰਦੀ ਕਰਵਾਈ ਸੀ।

14 ਜੁਲਾਈ ਨੂੰ ਪੇਟ ’ਚ ਦਰਦ ਸ਼ੁਰੂ ਹੋਣ ’ਤੇ ਉਸ ਨੇ ਸਿਵਲ ਹਸਪਤਾਲ ’ਚ ਹੀ ਗਾਇਨੀਕੋਲੋਜਿਸਟ ਤੋਂ ਆਪਣੀ ਜਾਂਚ ਕਰਵਾਈ। ਡਾਕਟਰ ਨੇ ਅਲਟਰਾਸਾਊਂਡ ਕਰਵਾਉਣ ਲਈ ਕਿਹਾ। ਅਲਟਰਾਸਾਊਂਡ ਦੀ ਰਿਪੋਰਟ ਦੇਖ ਕੇ ਡਾਕਟਰ ਨੇ ਦੱਸਿਆ ਕਿ ਉਹ ਵੀਹ ਹਫ਼ਤੇ ਤਿੰਨ ਦਿਨਾਂ ਦੀ ਗਰਭਵਤੀ ਹੈ।

ਨਵਜੋਤ ਅਨੁਸਾਰ ਉਸ ਨੇ 14 ਜੁਲਾਈ ਨੂੰ ਨਲਬੰਦੀ ਕਰਵਾਈ ਸੀ। ਅਲਟਰਾਸਾਊਂਡ ਦੀ ਰਿਪੋਰਟ ਦੇ ਆਧਾਰ ’ਤੇ ਉਹ ਜੂਨ ਤੋਂ ਗਰਭਵਤੀ ਸੀ। ਇਸ ਤੋਂ ਸਪੱਸ਼ਟ ਹੈ ਕਿ ਉਹ ਨਲਬੰਦੀ ਤੋਂ ਇਕ ਮਹੀਨਾ ਪਹਿਲਾਂ ਗਰਭਵਤੀ ਹੋ ਗਈ ਸੀ। ਇਸ ਦੇ ਬਾਵਜੂਦ ਉਸ ਦੀ ਨਲਬੰਦੀ ਕਰ ਦਿੱਤੀ ਗਈ।

ਨਵਜੋਤ ਨੇ ਦੱਸਿਆ ਕਿ ਉਸ ਦਾ ਪਤੀ ਲਖਨਪਾਲ ਆਟੋ ਚਾਲਕ ਹੈ। ਅਸੀਂ ਕਿਰਾਏ ਦੇ ਮਕਾਨ ਵਿਚ ਰਹਿੰਦੇ ਹਾਂ। ਸਾਡੇ ਲਈ ਤਿੰਨ ਬੱਚਿਆਂ ਦਾ ਪਾਲਣ ਪੋਸ਼ਣ ਕਰਨਾ ਬਹੁਤ ਮੁਸ਼ਕਿਲ ਹੈ।

ਸਿਵਲ ਹਸਪਤਾਲ ਦੇ ਐੱਸਐੱਮਓ ਡਾਕਟਰ ਰਾਜੂ ਚੌਹਾਨ ਦਾ ਕਹਿਣਾ ਹੈ ਕਿ ਨਲਬੰਦੀ ਤੋਂ ਪਹਿਲਾਂ ਨਵਜੋਤ ਦੀ ਜਾਂਚ ਕੀਤੀ ਗਈ ਸੀ। ਪ੍ਰੈਗਨੈਂਸੀ ਟੈਸਟ ’ਚ ਵਰਤੀਆਂ ਗਈਆਂ ਕਿੱਟਾਂ ਤੋਂ ਦੇਖਿਆ ਗਿਆ ਸੀ ਪਰ ਰਿਪੋਰਟ ਨੈਗੇਟਿਵ ਆਈ ਸੀ। ਡਾਕਟਰ ਨੇ ਇਸ ਆਧਾਰ ’ਤੇ ਉਸ ਦੀ ਨਲਬੰਦੀ ਕੀਤੀ ਸੀ। ਅਸੀਂ ਮਾਮਲੇ ਦੀ ਜਾਂਚ ਕਰਾਂਗੇ।