ਅੰਮ੍ਰਿਤਸਰ| ਸੰਯੁਕਤ ਕਿਸਾਨ ਮੋਰਚੇ ਦੀ 32 ਦੇ ਕਰੀਬ ਕਿਸਾਨ ਜਥੇਬੰਦੀਆਂ ਵਲੋਂ ਅੱਜ ਅੰਮ੍ਰਿਤਸਰ ਰੇਲਵੇ ਸਟੇਸ਼ਨ ਤੇ 12 ਵਜੇ ਤੋਂ 4 ਵਜੇ ਤੱਕ 4 ਘੰਟੇ ਲਈ ਰੇਲ ਦਾ ਚੱਕਾ ਜਾਮ ਕਰਨ ਦੇ ਸੰਯੁਕਤ ਕਿਸਾਨ ਮੋਰਚੇ ਦੇ ਪੰਜਾਬ ਚੈਪਟਰ ਵੱਲੋਂ ਦਿੱਤੇ ਸੱਦੇ ਤਹਿਤ ਭਰਵੇਂ ਰੂਪ ਵਿੱਚ ਕਿਸਾਨ ਜਥੇਬੰਦੀਆਂ ਪੁੱਜੀਆਂ ਹਨ।
ਮੋਦੀ ਸਰਕਾਰ ਵੱਲੋਂ ਕਣਕ ਦੇ ਰੇਟ ਵਿੱਚ 31.87 ਰੁਪਏ ਤੱਕ ਲਾਏ ਗਏ ਕੱਟ ਅਤੇ ਪੰਜਾਬ ਸਰਕਾਰ ਵੱਲੋਂ ਮੁਆਵਜ਼ੇ ਲਈ ਫਸਲਾਂ ਦੀ ਗਿਰਦਾਵਰੀ ਦੇ ਅਮਲ ਨੂੰ ਲਮਕਾਉਣ ਤੇ ਅਮਲੇ ਨੂੰ ਘੱਟ ਨੁਕਸਾਨ ਦਿਖਾਉਣ ਦੀਆਂ ਗੁਪਤ ਹਦਾਇਤਾਂ ਤੇ ਖ਼ਾਨਾਪੂਰਤੀ ਦੀ ਨਿਖੇਧੀ ਕੀਤੀ ਗਈ।
ਇਸ ਮੌਕੇ ਆਮ ਲੋਕਾਂ ਨੂੰ ਅਪੀਲ ਕੀਤੀ ਗਈ ਕਿ ਉਹ ਬੱਸਾਂ ਰਾਹੀਂ ਜਾਂ ਹੋਰ ਬਦਲਵੇਂ ਸਾਧਨਾਂ ਰਾਹੀਂ ਯਾਤਰਾ ਕਰਨ। ਉਨ੍ਹਾਂ ਕਿਹਾ ਕਿ ਕੇਂਦਰ ਦੀ ਸੁੱਤੀ ਸਰਕਾਰ ਨੂੰ ਨੀਂਦ ਤੋਂ ਜਗਾਉਣ ਦੀ ਜ਼ਰੂਰਤ ਹੈ। ਜੋ ਪੰਜਾਬ ਸਰਕਾਰ ਵੱਲੋਂ ਪੰਦਰਾਂ ਪੰਦਰਾਂ ਹਜ਼ਾਰ ਰੁਪਏ ਕਿਸਾਨਾਂ ਨੂੰ ਮੁਆਵਜ਼ਾ ਦੇਣ ਦੀ ਗੱਲ ਕੀਤੀ ਗਈ, ਉਹ ਅਜੇ ਤਕ ਨਹੀਂ ਮਿਲ਼ਿਆ।
ਕਿਸਾਨ ਆਗੂਆਂ ਨੇ ਕਿਹਾ ਕਿ ਰੇਲਾਂ ਨਹੀਂ ਰੋਕਣਾ ਚਾਹੁੰਦੇ ਪਰ ਸਰਕਾਰ ਸਾਨੂੰ ਰੇਲਾਂ ਰੋਕਣ ‘ਤੇ ਮਜ਼ਬੂਰ ਕਰ ਰਹੀਂ ਹੈ। ਕਿਸਾਨਾਂ ਨੇ ਕਿਹਾ ਕਿ ਜੋ ਬੇਮੌਸਮੀ ਬਰਸਾਤ ਕਾਰਨ ਫਸਲਾਂ ਦਾ ਨੁਕਸਾਨ ਹੋਇਆ ਹੈ, ਉਸਦਾ ਮੁਆਵਜ਼ਾ ਨਹੀਂ ਦਿੱਤਾ ਜਾ ਰਿਹਾ ਹੈ ਤੇ ਨਾ ਹੀ ਕਿਸਾਨਾਂ ਦੀਆਂ ਮੰਗਾਂ ਹੱਲ ਕੀਤੀਆਂ ਜਾ ਰਹੀਆਂ ਹਨ, ਜਿਸਦੇ ਚਲਦੇ ਅੱਜ ਸਾਨੂੰ ਮਜਬੂਰ ਹੋ ਕੇ ਰੇਲਾਂ ਰੋਕਣੀਆਂ ਪੈ ਰਹੀਆਂ ਹਨ। ਕਿਸਾਨ ਆਗੂਆਂ ਨੇ ਕਿਹਾ ਕਿ ਆਉਣ ਵਾਲੇ ਸਮੇਂ ‘ਚ ਇਸ ਤੋਂ ਵੀ ਤਿੱਖਾ ਸੰਘਰਸ਼ ਕੀਤਾ ਜਾਵੇਗਾ ਜਿਸ ਦੀਆਂ ਜ਼ਿੰਮੇਵਾਰ ਸਰਕਾਰਾਂ ਹੋਣਗੀਆਂ।