ਅੰਮ੍ਰਿਤਸਰ | ਅੰਮ੍ਰਿਤਸਰ ਜ਼ਿਲੇ ‘ਚ ਉਸ ਸਮੇਂ ਵੱਡੀ ਦਰਦਨਾਕ ਘਟਨਾ ਵਾਪਰੀ, ਜਦੋਂ ਇਕ ਗੁਰਸਿੱਖ ਵਿਅਕਤੀ ਨੇ ਆਪਣੇ 2 ਪੁੱਤਰਾਂ ਸਣੇ ਸੁਲਤਾਨਵਿੰਡ ਨਹਿਰ ‘ਚ ਛਾਲ ਮਾਰ ਕੇ ਖੁਦਕੁਸ਼ੀ ਕਰ ਲਈ।
ਵਿਅਕਤੀ ਦੀ ਪਛਾਣ ਮਨਦੀਪ ਸਿੰਘ ਵਜੋਂ ਹੋਈ ਹੈ।ਘਟਨਾ ਸਥਾਨ ‘ਤੇ ਪਹੁੰਚੀ ਪੁਲਿਸ ਨੇ ਗੋਤਾਖੋਰਾਂ ਦੀ ਮਦਦ ਨਾਲ ਨਹਿਰ ‘ਚੋਂ ਪਿਓ ਤੇ ਦੋਵਾਂ ਪੁੱਤਾਂ ਦੀਆਂ ਲਾਸ਼ਾਂ ਨੂੰ ਬਾਹਰ ਕਢਵਾਇਆ ਤੇ ਪੋਸਟਮਾਰਟਮ ਲਈ ਹਸਪਤਾਲ ਭੇਜ ਦਿੱਤਾ।
ਮਾਮਲੇ ਦੀ ਜਾਂਚ ਕਰਦਿਆਂ ਪੁਲਿਸ ਨੂੰ ਘਟਨਾ ਵਾਲੀ ਥਾਂ ਤੋਂ ਗੁਰਸਿੱਖ ਪਰਿਵਾਰ ਦਾ ਮੋਬਾਇਲ, ਮੋਟਰਸਾਈਕਲ, ਬੱਚੇ ਦੀ ਐਨਕ ਤੇ ਉਸ ਦੀਆਂ ਚੱਪਲਾਂ ਮਿਲੀਆਂ, ਜਿਸ ਤੋਂ ਪੁਲਿਸ ਨੂੰ ਸ਼ੱਕ ਹੋਇਆ ਕਿ ਉਨ੍ਹਾਂ ਨੇ ਨਹਿਰ ‘ਚ ਛਾਲ ਮਾਰੀ ਹੈ।
ਮ੍ਰਿਤਕ ਦੀ ਪਤਨੀ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਮਨਦੀਪ ਸਿੰਘ ਆਪਣੇ ਬੱਚਿਆਂ ਨਾਲ ਰੋਜ਼ਾਨਾ ਗੁਰਦੁਆਰਾ ਬਾਬਾ ਬੁੱਢਾ ਸਾਹਿਬ ਜੀ ਵਿਖੇ ਮੱਥਾ ਟੇਕਣ ਜਾਂਦਾ ਸੀ। ਐਤਵਾਰ ਰਾਤ ਆਪਣੇ ਬੱਚਿਆਂ ਨੂੰ ਆਈਸਕ੍ਰੀਮ ਖਵਾਉਣ ਦੀ ਗੱਲ ਕਹਿ ਕੇ ਘਰੋਂ ਨਿਕਲਿਆ ਸੀ, ਜਦੋਂ ਉਹ ਘਰ ਨਹੀਂ ਪੁੱਜਾ ਤਾਂ ਉਨ੍ਹਾਂ ਇਸ ਦੀ ਸ਼ਿਕਾਇਤ ਪੁਲਿਸ ਨੂੰ ਕੀਤੀ।