ਅੰਮ੍ਰਿਤਸਰ| ਰਿਲੇਸ਼ਨਸ਼ਿਪ ‘ਚ ਰਹਿਣ ਵਾਲੇ ਵਿਅਕਤੀ ਦੀ ਸ਼ੱਕੀ ਹਾਲਾਤਾਂ ‘ਚ ਹੱਤਿਆ ਕਰ ਦਿੱਤੀ ਗਈ। ਪੁਲਸ ਥਾਣਾ ਅਜਨਾਲਾ ਨੇ ਮ੍ਰਿਤਕ ਦੇ ਪਰਿਵਾਰ ਦੇ ਬਿਆਨਾਂ ‘ਤੇ ਦੋਸ਼ੀ ਔਰਤ ਰਾਧਾ ਰਾਣੀ ਵਾਸੀ ਲੱਖੂਵਾਲ ਖਿਲਾਫ ਮਾਮਲਾ ਦਰਜ ਕਰ ਲਿਆ ਹੈ।
ਪੁਲਿਸ ਨੂੰ ਦਿੱਤੀ ਸ਼ਿਕਾਇਤ ਵਿੱਚ ਜਸਵੰਤ ਸਿੰਘ ਵਾਸੀ ਮਿਆਦੀਆਂ ਕਲਾਂ ਥਾਣਾ ਭਿੰਡੀਸੈਦਾਂ ਨੇ ਦੱਸਿਆ ਕਿ ਉਸ ਦਾ ਲੜਕਾ ਮੰਗਲ ਸਿੰਘ (32) ਡਰਾਈਵਰੀ ਦਾ ਕੰਮ ਕਰਦਾ ਸੀ ਅਤੇ ਪਿਛਲੇ 3 ਸਾਲਾਂ ਤੋਂ ਰਾਧਾ ਰਾਣੀ ਨਾਲ ਰਿਲੇਸ਼ਨਸ਼ਿਪ ਵਿੱਚ ਰਹਿ ਰਿਹਾ ਸੀ। ਉਸਦੇ ਘਰ ਬਹੁਤ ਆਉਣਾ-ਜਾਣਾ ਹੁੰਦਾ ਸੀ।
ਬੀਤੇ ਦਿਨ ਉਹ ਘਰ ਵਿੱਚ ਮੌਜੂਦ ਸੀ ਅਤੇ ਰਾਤ 10:24 ਵਜੇ ਰਾਧਾ ਰਾਣੀ ਨੇ ਮੰਗਲ ਸਿੰਘ ਦੇ ਮੋਬਾਈਲ ਤੋਂ ਉਸ ਨੂੰ ਫੋਨ ਕਰਕੇ ਕਿਹਾ ਕਿ ਤੁਹਾਡਾ ਲੜਕਾ ਰਾਤ ਨੂੰ ਉਸ ਦੇ ਘਰ ਆਇਆ ਸੀ ਜਿਸ ਦੀ ਮੌਤ ਹੋ ਗਈ ਹੈ। ਜਿਉਂ ਹੀ ਪਰਿਵਾਰ ਰਾਧਾ ਰਾਣੀ ਦੇ ਘਰ ਪਹੁੰਚਿਆ ਤਾਂ ਉਨ੍ਹਾਂ ਮੰਗਲ ਸਿੰਘ ਦੇ ਨੱਕ ‘ਚੋਂ ਝੱਗ ਅਤੇ ਖੂਨ ਨਿਕਲਦਾ ਦੇਖਿਆ।
ਪੀੜਤ ਨੇ ਦੱਸਿਆ ਕਿ ਉਸ ਨੂੰ ਪੂਰਾ ਯਕੀਨ ਹੈ ਕਿ ਰਾਧਾ ਰਾਣੀ ਨੇ ਉਸ ਦੇ ਲੜਕੇ ਨੂੰ ਕੋਈ ਜ਼ਹਿਰੀਲੀ ਚੀਜ਼ ਖੁਆ ਕੇ ਮਾਰਿਆ ਹੈ। ਪੁਲਿਸ ਨੇ ਪੀੜਤਾਂ ਦੇ ਬਿਆਨ ਦਰਜ ਕਰਕੇ ਦੋਸ਼ੀ ਔਰਤ ਨੂੰ ਕਾਬੂ ਕਰ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ।