ਅੰਮ੍ਰਿਤਸਰ : 5ਵੀਂ ਜਮਾਤ ਦੇ ਵਿਦਿਆਰਥੀ ਨੂੰ ਅਧਿਆਪਕ ਨੇ ਬੁਰੀ ਤਰ੍ਹਾਂ ਕੁੱਟਿਆ, ਪਿਸ਼ਾਬ ‘ਚ ਆਉਣ ਲੱਗਾ ਖ਼ੂਨ, ਹਾਲਤ ਸੀਰੀਅਸ

0
1457

ਅੰਮ੍ਰਿਤਸਰ | ਇਥੋਂ ਇਕ ਸ਼ਰਮਨਾਕ ਘਟਨਾ ਸਾਹਮਣੇ ਆਈ ਹੈ। ਪੰਜਾਬ ਘੱਟ ਗਿਣਤੀ ਕਮਿਸ਼ਨ ਨੇ ਸਰਕਾਰੀ ਹਾਈ ਸਕੂਲ ਕਾਹਲਵਾਂ ਦੇ ਅਧਿਆਪਕ ਵੱਲੋਂ ਵਿਦਿਆਰਥੀ ਦੀ ਕੁੱਟਮਾਰ ਕਰਨ ਦੇ ਮਾਮਲੇ ਦਾ ਨੋਟਿਸ ਲਿਆ ਹੈ। ਕਮਿਸ਼ਨ ਦੇ ਮੈਂਬਰ ਡਾਕਟਰ ਸੁਭਾਸ਼ ਥਾਬਾ ਨੇ ਪੀੜਤ ਬੱਚੇ ਅਤੇ ਉਸਦੇ ਪਰਿਵਾਰਕ ਮੈਂਬਰਾਂ ਨਾਲ ਗੱਲਬਾਤ ਕੀਤੀ। ਮਾਪਿਆਂ ਨੇ ਦੱਸਿਆ ਕਿ ਅਧਿਆਪਕ ਨੇ ਇੰਨਾ ਬੁਰੀ ਤਰ੍ਹਾਂ ਕੁੱਟਿਆ ਕਿ ਉਸ ਦੇ ਪਿਸ਼ਾਬ ਵਿਚ ਖੂਨ ਆਉਣ ਲੱਗਾ।

ਉਨ੍ਹਾਂ ਕਿਹਾ ਕਿ ਅਧਿਆਪਕ ਬਲਵਿੰਦਰ ਸਿੰਘ ਨੇ ਮੰਨ ਲਿਆ ਹੈ ਕਿ ਉਸ ਤੋਂ ਗਲਤੀ ਹੋਈ ਹੈ। ਬੱਚੇ ਦੇ ਇਲਾਜ ਲਈ ਜੋ ਵੀ ਖਰਚ ਹੋਵੇਗਾ, ਉਹ ਦੇਵੇਗਾ। ਸਰਪੰਚ ਅਨੁਸਾਰ ਹੁਣ ਅਧਿਆਪਕ ਇਲਾਜ ਦਾ ਖਰਚਾ ਦੇਣ ਤੋਂ ਇਨਕਾਰ ਕਰ ਰਿਹਾ ਹੈ। ਡਾਕਟਰ ਸੁਭਾਸ਼ ਨੇ ਪੂਰੀ ਰਿਪੋਰਟ ਤਿਆਰ ਕੀਤੀ ਹੈ। ਉਨ੍ਹਾਂ ਕਿਹਾ ਕਿ ਮਾਮਲੇ ਨੂੰ ਗੰਭੀਰਤਾ ਨਾਲ ਲਿਆ ਜਾ ਰਿਹਾ ਹੈ।

ਯੂਸਫ ਮਸੀਹ ਨੇ ਦੱਸਿਆ ਕਿ ਉਸ ਦਾ ਲੜਕਾ ਅੰਕੁਸ਼ਦੀਪ ਸਰਕਾਰੀ ਹਾਈ ਸਕੂਲ ਕਾਹਲਵਾਂ ਵਿਖੇ 5ਵੀਂ ਜਮਾਤ ਦਾ ਵਿਦਿਆਰਥੀ ਹੈ। 30 ਅਪ੍ਰੈਲ ਨੂੰ ਉਹ ਸਕੂਲ ਦੀ ਚਾਰਦੀਵਾਰੀ ਵਿਚ ਲਗਾਏ ਦਰੱਖਤ ਕੋਲ ਖੜ੍ਹਾ ਸੀ। ਇਸੇ ਦੌਰਾਨ ਅਧਿਆਪਕ ਬਲਵਿੰਦਰ ਸਿੰਘ ਨੇ ਉਸ ਨੂੰ ਦੇਖ ਕੇ ਕਿਹਾ ਕਿ ਤੁਸੀਂ ਦਰੱਖਤ ਤੋਂ ਫਲ ਕਿਉਂ ਤੋੜ ਰਹੇ ਹੋ।

ਇਸ ‘ਤੇ ਅਧਿਆਪਕ ਨੇ ਅੰਕੁਸ਼ ਦੀ ਬੁਰੀ ਤਰ੍ਹਾਂ ਕੁੱਟਮਾਰ ਕੀਤੀ। ਇਸ ਤੋਂ ਬਾਅਦ ਉਸ ਨੇ ਕਿਹਾ ਕਿ ਜੇਕਰ ਉਸ ਨੂੰ ਦਰੱਖਤ ਨੇੜੇ ਦੇਖਿਆ ਗਿਆ ਤਾਂ ਉਹ ਉਸ ਨੂੰ ਬਿਜਲੀ ਦਾ ਕਰੰਟ ਦੇ ਦੇਵੇਗਾ। ਬੱਚਾ ਬੇਹੋਸ਼ ਹੋ ਕੇ ਹੇਠਾਂ ਡਿੱਗ ਪਿਆ। ਸਕੂਲ ਦੇ ਹੋਰ ਅਧਿਆਪਕਾਂ ਨੇ ਉਸ ਨੂੰ ਤੁਰੰਤ ਗੁਰਦਾਸਪੁਰ ਦੇ ਇਕ ਨਿੱਜੀ ਹਸਪਤਾਲ ਦਾਖਲ ਕਰਵਾਇਆ। ਹਸਪਤਾਲ ਵਿਚ ਲੜਕੇ ਦੀ ਸਿਹਤ ਲਗਾਤਾਰ ਵਿਗੜਦੀ ਰਹੀ। ਉਸ ਦੇ ਪਿਸ਼ਾਬ ਵਿਚੋਂ ਖੂਨ ਆਉਣ ਲੱਗਾ।

ਪਰਿਵਾਰ ਨੇ ਮਾਮਲੇ ਦੀ ਸ਼ਿਕਾਇਤ ਪੰਜਾਬ ਘੱਟ ਗਿਣਤੀ ਕਮਿਸ਼ਨ ਨੂੰ ਕੀਤੀ। ਕਮਿਸ਼ਨ ਨੇ ਜਾਂਚ ਦੇ ਹੁਕਮ ਦਿੱਤੇ ਅਤੇ ਕਮਿਸ਼ਨ ਦੇ ਮੈਂਬਰ ਡਾਕਟਰ ਸੁਭਾਸ਼ ਥੋਬਾ ਨੂੰ ਜਾਂਚ ਲਈ ਭੇਜਿਆ। ਡਾਕਟਰ ਸੁਭਾਸ਼ ਗਰੋਵਰ ਹਸਪਤਾਲ ਗਏ ਅਤੇ ਬੱਚੇ ਨਾਲ ਗੱਲਬਾਤ ਕੀਤੀ। ਡਾਕਟਰ ਨੇ ਦੱਸਿਆ ਕਿ ਕੁੱਟਮਾਰ ਕਾਰਨ ਬੱਚਾ ਇਸ ਹਾਲਤ ਵਿਚ ਸੀ। ਇਸ ਸਬੰਧੀ ਡਾ. ਥੋਬਾ ਨੇ ਪਿੰਡ ਦੇ ਸਰਪੰਚ ਸੁਲੱਖਣ ਨਾਲ ਵੀ ਸੰਪਰਕ ਕੀਤਾ।