ਅੰਮ੍ਰਿਤਸਰ : ਮੁਰਗੀਆਂ ਕਾਰਨ ਹੋਏ ਝਗੜੇ ‘ਚ ਤੇਜ਼ਧਾਰ ਹਥਿਆਰਾਂ ਨਾਲ ਗੁਆਂਢੀਆਂ ਨੇ ਵੱਢਿਆ ਬਜ਼ੁਰਗ, ਮੌਤ

0
744

ਅੰਮ੍ਰਿਤਸਰ| ਥਾਣਾ ਅਜਨਾਲਾ ਅਧੀਨ ਪੈਂਦੇ ਪਿੰਡ ਗੁਰਾਲਾ ਚ ਮੁਰਗੀਆਂ ਨੂੰ ਲੈ ਕੇ ਦੋ ਧਿਰਾਂ ਵਿਚਕਾਰ ਝਗੜਾ ਹੋ ਗਿਆ। ਜਾਣਕਾਰੀ ਮੁਤਾਬਿਕ ਗੁਲਜ਼ਾਰ ਮਸੀਹ (65) ਅਤੇ ਉਸ ਦੇ ਲੜਕੇ ਮੈਨੂਅਲ ਮਸੀਹ ‘ਤੇ ਗੁਆਂਢੀ ਵੱਲੋਂ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕਰ ਦਿੱਤਾ ਗਿਆ, ਜਿਸ ਤੋਂ ਬਾਅਦ ਹਸਪਤਾਲ ਵਿੱਚ ਇਲਾਜ ਦੌਰਾਨ ਗੁਲਜ਼ਾਰ ਦੀ ਮੌਤ ਹੋ ਗਈ। ਘਟਨਾ ਸ਼ੁੱਕਰਵਾਰ ਰਾਤ ਦੀ ਹੈ।

ਜਾਣਕਾਰੀ ਦਿੰਦਿਆਂ ਪਿੰਡ ਗੁਰਾਲਾ ਵਾਸੀ ਅਲਾਸ ਮਸੀਹ ਨੇ ਪੁਲੀਸ ਨੂੰ ਦੱਸਿਆ ਕਿ ਉਸ ਦਾ ਪਤੀ ਗੁਲਜ਼ਾਰ ਮਸੀਹ ਅਤੇ ਪੁੱਤਰ ਮੈਨੁਅਲ ਮਸੀਹ ਮਜ਼ਦੂਰੀ ਦਾ ਕੰਮ ਕਰਦੇ ਹਨ। ਉਸ ਨੇ ਆਪਣੇ ਘਰ ਮੁਰਗੇ-ਮੁਰਗੀਆਂ ਰੱਖੇ ਹੋਏ ਹਨ। ਗੁਆਂਢ ਵਿੱਚ ਰਹਿੰਦੇ ਮੂਸਾ ਮਸੀਹ ਦੇ ਘਰ ਅਕਸਰ ਮੁਰਗੀਆਂ ਚਲੀਆਂ ਜਾਂਦੀਆਂ ਸਨ

ਲੋਹੜੀ ਵਾਲੀ ਰਾਤ ਵੀ ਕੁਝ ਮੁਰਗੀਆਂ ਮੂਸੇ ਦੇ ਘਰ ਵੜ ਗਈਆਂ ਅਤੇ ਇਸ ਤੋਂ ਬਾਅਦ ਮੂਸਾ ਤੇਜ਼ਧਾਰ ਹਥਿਆਰ ਨਾਲ ਉਨ੍ਹਾਂ ਦੇ ਘਰ ‘ਚ ਦਾਖਲ ਹੋ ਗਿਆ ਅਤੇ ਗਾਲੀ-ਗਲੋਚ ਕਰਦੇ ਹੋਏ ਉਨ੍ਹਾਂ ਦੇ ਪਤੀ ਅਤੇ ਪੁੱਤਰ ‘ਤੇ ਹਮਲਾ ਕਰ ਕੇ ਜ਼ਖਮੀ ਕਰ ਦਿੱਤਾ। ਵਾਰਦਾਤ ਨੂੰ ਅੰਜਾਮ ਦੇਣ ਤੋਂ ਬਾਅਦ ਮੂਸਾ ਫਰਾਰ ਹੋ ਗਿਆ ਸੀ। ਐਲਸਾ ਨੇ ਦੱਸਿਆ ਕਿ ਉਸ ਨੇ ਦੋਵੇਂ ਪਿਓ-ਪੁੱਤ ਨੂੰ ਹਸਪਤਾਲ ਦਾਖਲ ਕਰਵਾਇਆ। ਉਸ ਦੇ ਪਤੀ ਗੁਲਜ਼ਾਰ ਦੀ ਐਤਵਾਰ ਨੂੰ ਮੌਤ ਹੋ ਗਈ।

ਏਸੀਪੀ ਸੰਜੀਵ ਠਾਕੁਰ ਨੇ ਦੱਸਿਆ ਕਿ ਪੀੜਤ ਪਰਿਵਾਰ ਨੇ ਪੁਲਿਸ ਨੂੰ ਦੱਸੇ ਬਿਨਾਂ ਗੁਲਜ਼ਾਰ ਦੀ ਲਾਸ਼ ਨੂੰ ਦਫ਼ਨਾ ਦਿੱਤਾ ਸੀ। ਮਾਮਲਾ ਉੱਚ ਅਧਿਕਾਰੀਆਂ ਦੇ ਧਿਆਨ ਵਿੱਚ ਲਿਆਂਦਾ ਗਿਆ। ਇਸ ਤੋਂ ਬਾਅਦ ਸੋਮਵਾਰ ਨੂੰ ਤਹਿਸੀਲਦਾਰ ਦੀ ਹਾਜ਼ਰੀ ਵਿੱਚ ਥਾਣਾ ਅਜਨਾਲਾ ਦੀ ਪੁਲੀਸ ਪਿੰਡ ਗੁਰਾਲਾ ਦੇ ਸ਼ਮਸ਼ਾਨਘਾਟ ਵਿੱਚ ਪੁੱਜੀ

ਉੱਥੇ ਮਜ਼ਦੂਰਾਂ ਦੀ ਮਦਦ ਨਾਲ ਲਾਸ਼ ਨੂੰ ਬਾਹਰ ਕੱਢਿਆ ਗਿਆ। ਪੁਲੀਸ ਨੇ ਲਾਸ਼ ਨੂੰ ਕਬਜ਼ੇ ਵਿੱਚ ਲੈ ਲਿਆ ਹੈ। ਹੁਣ ਮੈਡੀਕਲ ਕਾਲਜ ਦੇ ਪੋਸਟਮਾਰਟਮ ਹਾਊਸ ‘ਚ ਗੁਲਜ਼ਾਰ ਦੀ ਲਾਸ਼ ਦਾ ਪੋਸਟਮਾਰਟਮ ਕੀਤਾ ਜਾਵੇਗਾ। ਪੁਲੀਸ ਨੇ ਪਿੰਡ ਗੁਰਾਲਾ ਦੇ ਵਾਸੀ ਮੂਸਾ ਮਸੀਹ ਖ਼ਿਲਾਫ਼ ਕਤਲ ਦਾ ਕੇਸ ਦਰਜ ਕਰ ਲਿਆ ਹੈ।