ਅੰਮ੍ਰਿਤਸਰ। ਪੰਜਾਬ ਦੇ ਅੰਮ੍ਰਿਤਸਰ ਵਿਚ ਮੰਗਲਵਾਰ ਦੁਪਹਿਰ ਅਚਾਨਕ ਇਕ ਘਰ ਵਿਚ ਅੱਗ ਲੱਗ ਗਈ। ਪਰਿਵਾਰਕ ਮੈਂਬਰਾਂ ਨੇ ਤੁਰੰਤ ਇਸਦੀ ਜਾਣਕਾਰੀ ਫਾਇਰ ਬ੍ਰਿਗੇਡ ਨੂੰ ਦਿੱਤੀ। ਜਿੰਨੀ ਦੇਰ ਵਿਚ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਮੌਕੇ ਉਤੇ ਪਹੁੰਚੀਆਂ, ਘਰ ਦੀ ਪਹਿਲੀ ਮੰਜ਼ਿਲ ਪੂਰੀ ਤਰ੍ਹਾਂ ਸੜ ਚੁੱਕੀ ਸੀ। ਗਨੀਮਤ ਰਹੀ ਕਿ ਘਰ ਵਿਚ ਰਹਿਣ ਵਾਲੇ ਕਿਸੇ ਵਿਅਕਤੀ ਨੂੰ ਕੋਈ ਨੁਕਸਾਨ ਨਹੀਂ ਹੋਇਆ।
ਇਹ ਘਟਨਾ ਗੁਰਬਖਸ਼ ਨਗਰ ਏਰੀਆ ਦੀ ਹੈ। ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਉਹ ਦੁਪਹਿਰ ਸਮੇਂ ਚਾਹ ਬਣਾ ਰਹੇ ਸਨ। ਇਸੇ ਦੌਰਾਨ ਤਾਕੀ ਕੋਲ ਟੰਗੇ ਕੱਪੜੇ ਨੇ ਅੱਗ ਫੜ ਲਈ। ਜਦੋਂ ਤੱਕ ਉਨ੍ਹਾਂ ਦਾ ਧਿਆਨ ਇਸ ਪਾਸੇ ਪਿਆ, ਅੱਗ ਬਹੁਤ ਜ਼ਿਆਦਾ ਭੜਕ ਚੁੱਕੀ ਸੀ। ਪਾਣੀ ਪਾ ਕੇ ਅੱਗ ਉਤੇ ਕਾਬੂ ਪਾਉਣ ਦੀ ਕੋਸ਼ਿਸ਼ ਕੀਤੀ ਗਈ। ਅੱਗ ਜ਼ਿਆਦਾ ਹੁੰਦੀ ਦੇਖ ਫਾਇਰ ਬ੍ਰਿਗੇਡ ਨੂੰ ਇਸਦੀ ਜਾਣਕਾਰੀ ਦਿੱਤੀ ਗਈ। ਫੋਨ ਕਰਨ ਦੇ ਕੁਝ ਮਿੰਟਾਂ ਬਾਅਦ ਹੀ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਮੌਕੇ ਉਤੇ ਪਹੁੰਚ ਗਈਆਂ।
ਤਿੰਨ ਗੱਡੀਆਂ ਦਾ ਲੱਗਾ ਪਾਣੀ
ਫਾਇਰ ਬ੍ਰਿਗੇਡ ਮੁਲਾਜ਼ਮਾਂ ਦਾ ਕਹਿਣਾ ਹੈ ਕਿ ਸੂਚਨਾ ਮਿਲਦੇ ਹੀ ਉਨ੍ਹਾਂ ਦੀ ਇਕ ਅਤੇ ਸੇਵਾ ਸਮਿਤੀ ਦੀਆਂ 2 ਗੱਡੀਆਂ ਨੂੰ ਗੁਰਬਖਸ਼ ਨਗਰ ਲਈ ਰਵਾਨਾ ਕਰ ਦਿੱਤਾ ਗਿਆ ਸੀ। ਰਾਸਤੇ ਛੋਟੇ ਹੋਣ ਦੇ ਚਲਦਿਆਂ ਕੁਝ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ। ਤਿੰਨ ਗੱਡੀਆਂ ਮੌਕੇ ਉਤੇ ਸਨ। ਲਗਭਗ ਡੇਢ ਘੰਟੇ ਬਾਅਦ ਅੱਗ ਉਤੇ ਕਾਬੂ ਪਾਇਆ ਗਿਆ।