ਅੰਮ੍ਰਿਤਸਰ : ਨਾਬਾਲਿਗਾ ਨੂੰ ਭਜਾਉਣ ਵਾਲੇ ਨੂੰ 20 ਸਾਲ ਦੀ ਹੋਈ ਸਜ਼ਾ; ਵਿਆਹ ਦਾ ਝਾਂਸਾ ਦੇ ਕੇ ਭਜਾ ਲੈ ਗਿਆ ਸੀ ਦੋਸ਼ੀ

0
2233

ਅੰਮ੍ਰਿਤਸਰ | ਇਥੋਂ ਇਕ ਵੱਡੀ ਖਬਰ ਸਾਹਮਣੇ ਆਈ ਹੈ। ਨਾਬਾਲਿਗਾ ਨੂੰ ਵਿਆਹ ਦਾ ਝਾਂਸਾ ਦੇ ਕੇ ਭਜਾ ਕੇ ਲਿਜਾਣ ਵਾਲੇ ਨੌਜਵਾਨ ਨੂੰ ਕੋਰਟ ਨੇ ਸਜ਼ਾ ਸੁਣਾਈ ਹੈ। ਸੈਸ਼ਨ ਜੱਜ ਰਣਧੀਰ ਵਰਮਾ ਦੀ ਅਦਾਲਤ ਨੇ ਦੋਸ਼ੀ ਨੌਜਵਾਨ ਵਿਨੋਦ ਨੂੰ ਇਸ ਮਾਮਲੇ ਵਿਚ 20 ਸਾਲ ਕੈਦ ਦੀ ਸਜ਼ਾ ਸੁਣਾਈ ਹੈ। ਸੀਨੀਅਰ ਸਰਕਾਰੀ ਵਕੀਲ ਰਮਨੀਤ ਕੌਰ ਨੇ ਕੇਸ ਦੀ ਪੈਰਵੀ ਕੀਤੀ। ਉਨ੍ਹਾਂ ਨੇ ਦੋਸ਼ੀ ਨੂੰ ਸਬੂਤਾਂ ਦੇ ਆਧਾਰ ‘ਤੇ ਸਲਾਖਾਂ ਦੇ ਪਿੱਛੇ ਪਹੁੰਚਾਇਆ।

ਰਾਜਾਸਾਂਸੀ ਪੁਲਿਸ ਨੇ 31 ਦਸੰਬਰ 2019 ਨੂੰ ਵਾਰਡ ਨੰ. 9 ਦੇ ਰਹਿਣ ਵਾਲੇ ਵਿਨੋਦ ਕੁਮਾਰ ਉਰਫ ਮੋਨੂੰ ਖਿਲਾਫ ਕੇਸ ਦਰਜ ਕੀਤਾ ਸੀ। ਪੁਲਿਸ ਨੇ 16 ਸਾਲ ਦੀ ਕੁੜੀ ਨੂੰ ਭਜਾਉਣ, ਵਿਆਹ ਦਾ ਝਾਂਸਾ ਦੇਣ, ਪਾਸਕੋ ਐਕਟ ਦੇ ਦੋਸ਼ਾਂ ਤਹਿਤ FIR ਦਰਜ ਕੀਤੀ ਸੀ। ਪੁਲਿਸ ਨੂੰ ਦਿੱਤੀ ਸ਼ਿਕਾਇਤ ਵਿਚ ਪੀੜਤ ਪਰਿਵਾਰ ਨੇ ਦੱਸਿਆ ਸੀ ਕਿ ਉਹ ਦੋਸ਼ੀ ਵਿਨੋਦ ਦੇ ਘਰ ਕਿਰਾਏ ‘ਤੇ ਰਹਿੰਦੇ ਸਨ। ਉਨ੍ਹਾਂ ਦੀ ਧੀ ‘ਤੇ ਵਿਨੋਦ ਮਾੜੀ ਨਜ਼ਰ ਰੱਖਣ ਲੱਗਾ। ਇਸ ਵਿਚਾਲੇ ਉਸਨੇ ਧੀ ਨੂੰ ਪਿਆਰ ਦੇ ਜਾਲ ਵਿਚ ਫਸਾ ਲਿਆ। ਇਸ ਤੋਂ ਬਾਅਦ ਧੀ ਨੂੰ ਭਜਾ ਕੇ ਲੈ ਗਿਆ। ਇਸ ਮਾਮਲੇ ਵਿਚ ਦੋਵਾਂ ਧਿਰਾਂ ਦੀ ਦਲੀਲਾਂ ਸੁਣਨ ਅਤੇ ਸਬੂਤਾਂ ਦੇ ਆਧਾਰ ‘ਤੇ ਅਦਾਲਤ ਨੇ ਦੋਸ਼ੀ ਨੂੰ ਸਜ਼ਾ ਸੁਣਾਈ ਹੈ।