ਅੰਮ੍ਰਿਤਸਰ : 13 ਸਾਲਾ ਲੜਕੀ ਦੀ ਬੱਸ ਹੇਠਾਂ ਆਉਣ ਨਾਲ ਮੌਤ, ਪਰਿਵਾਰ ਨੇ ਇਨਸਾਫ ਨਾ ਮਿਲਣ ‘ਤੇ ਦਿੱਤੀ ਲਾਸ਼ ਥਾਣੇ ਮੂਹਰੇ ਰੱਖਣ ਦੀ ਚੇਤਾਵਨੀ

0
491

ਅੰਮ੍ਰਿਤਸਰ, 1 ਫਰਵਰੀ| ਅੰਮ੍ਰਿਤਸਰ ਦੇ ਬੱਸ ਸਟੈਂਡ ਦੇ ਨਾਲ ਲੱਗਦੇ ਮੋਰਾਂ ਵਾਲੇ ਚੌਕ ਵਿੱਚ ਇੱਕ ਛੋਟੀ ਲੜਕੀ, ਜਿਸਦੀ ਉੱਮਰ 13 ਸਾਲ ਦੇ ਕਰੀਬ ਹੈ, ਉਸ ਦੀ ਬੱਸ ਹੇਠਾਂ ਆਉਣ ਨਾਲ ਮੌਤ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਜਾਣਕਾਰੀ ਮੁਤਾਬਿਕ ਬੱਸ ਦਾ ਪਤਾ ਨਹੀਂ ਲੱਗ ਸਕਿਆ ਪਰ ਪੁਲਿਸ ਵੱਲੋਂ ਅਣਪਛਾਤੇ ਵਿਅਕਤੀਆਂ ਵਿਰੁੱਧ ਮਾਮਲਾ ਦਰਜ ਕਰਕੇ ਕਾਰਵਾਈ ਸ਼ੁਰੂ ਕਰ ਦਿੱਤੀ।

ਇਸ ਸਬੰਧੀ ਪੀੜਿਤ ਪਰਿਵਾਰ ਨੇ ਕਿਹਾ ਕਿ ਛੋਟੀ ਬੱਚੀ ਨੂੰ ਬੱਸ ਹੇਠਾਂ ਦੇ ਦਿੱਤਾ ਗਿਆ, ਜਿਸ ਕਾਰਨ ਉਸ ਦੀ ਮੌਤ ਹੋ ਗਈ। ਪੀੜਤ ਪਰਿਵਾਰ ਨੇ ਕਿਹਾ ਕਿ ਪੁਲਿਸ ਵੱਲੋਂ ਠੋਸ ਕਾਰਵਾਈ ਨਹੀਂ ਕੀਤੀ ਜਾ ਰਹੀ, ਉਨ੍ਹਾਂ ਪੁਲਿਸ ਨੂੰ ਚੇਤਾਵਨੀ ਦਿੱਤੀ ਕਿ ਜੇਕਰ ਪੁਲਿਸ ਵੱਲੋਂ ਠੋਸ ਕਾਰਵਾਈ ਨਾ ਕੀਤੀ ਗਈ ਤਾਂ ਆਉਣ ਵਾਲੇ ਦਿਨ ਉਨ੍ਹਾਂ ਵੱਲੋਂ ਪੁਲਿਸ ਥਾਣੇ ਅੱਗੇ ਲਾਸ਼ ਰੱਖ ਕੇ ਧਰਨਾ ਪ੍ਰਦਰਸ਼ਨ ਕੀਤਾ ਜਾਵੇਗਾ।

ਇਸ ਸਬੰਧੀ ਪੁਲਿਸ ਅਧਿਕਾਰੀ ਦਾ ਕਹਿਣਾ ਹੈ ਕਿ ਮਾਮਲਾ ਦਰਜ ਕਰਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ ਤੇ ਆਸ ਪਾਸ ਦੇ ਸੀਸੀਟੀਵੀ ਕੈਮਰੇ ਖੰਗਾਲੇ ਜਾ ਰਹੇ ਹਨ ਤਾਂ ਜੋ ਪਤਾ ਲੱਗ ਸਕੇ ਕਿ ਕਿਹੜੀ ਬੱਸ ਵੱਲੋਂ ਇਸ ਬੱਚੀ ਨੂੰ ਹੇਠਾਂ ਦਿੱਤਾ ਗਿਆ ਹੈ। ਉਸਦੇ ਖਿਲਾਫ਼ ਕਾਰਵਾਈ ਕੀਤੀ ਜਾਵੇਗੀ।