ਚੰਡੀਗੜ੍ਹ| ਖਾਲਿਸਤਾਨੀ ਸਮਰਥਕ ਤੇ ਵਾਰਿਸ ਪੰਜਾਬ ਦੇ ਮੁਖੀ ਅੰਮ੍ਰਿਤਪਾਲ ਸਿੰਘ ਨੂੰ ਲੈ ਕੇ ਪੰਜਾਬ ਪੁਲਿਸ ਨੇ ਇਕ ਵੀਡੀਓ ਸੰਦੇਸ਼ ਜਾਰੀ ਕੀਤਾ ਹੈ। ਪੁਲਿਸ ਨੇ ਆਪਣੇ ਵੀਡੀਓ ਸੰਦੇਸ਼ ਵਿਚ ਕਿਹਾ, ‘ ਤੂੰ (ਅੰਮ੍ਰਿਤਪਾਲ) ਭੱਜ ਤਾਂ ਸਕਦਾ ਪਰ ਕਾਨੂੰਨ ਦੇ ਲੰਮੇ ਹੱਥਾਂ ਤੋਂ ਬਚ ਨਹੀਂ ਸਕਦਾ।
ਪੰਜਾਬ ਪੁਲਿਸ ਦਾ ਇਹ ਸੰਦੇਸ਼ ਇਕ ਦਿਨ ਬਾਅਦ ਉਦੋਂ ਆਇਆ ਹੈ, ਜਦੋਂ ਪੁਲਿਸ ਨੇ ਉਸਦੇ ਹਮਦਰਦ ਪੱਪਲਪ੍ਰੀਤ ਸਿੰਘ ਨੂੰ ਸੋਮਵਾਰ ਨੂੰ ਰਾਸ਼ਟਰੀ ਸੁਰੱਖਿਆ ਕਾਨੂੰਨ ਤਹਿਤ ਅੰਮ੍ਰਿਤਸਰ ਜ਼ਿਲ੍ਹੇ ਤੋਂ ਗ੍ਰਿਫਤਾਰ ਕੀਤਾ ਹੈ। ਪੰਜਾਬ ਪੁਲਿਸ ਨੇ ਪੱਪਲਪ੍ਰੀਤ ਸਿੰਘ ਦਾ ਟਵਿੱਟਰ ਤੇ ਫੇਸਬੁਕ ਉਤੇ ਪਹਿਲੇ ਤੇ ਬਾਅਦ ਦਾ ਵੀਡੀਓ ਸ਼ੇਅਰ ਕਰਦੇ ਹੋਏ ਲਿਖਿਆ, ਤੂੰ ਭੱਜ ਸਕਦਾਂ ਪਰ ਕਾਨੂੰਨ ਦੇ ਲੰਮੇ ਹੱਥਾਂ ਤੋਂ ਬਚ ਨਹੀਂ ਸਕਦਾ। ਪੰਜਾਬ ਪੁਲਿਸ ਨੇ ਅੱਗੇ ਹੋਰ ਕਿਹਾ ਕਿ ਅਸੀਂ ਨਾਗਰਿਕਾਂ ਨੂੰ ਇਲਾਕੇ ਵਿਚ ਸ਼ਾਂਤੀ ਤੇ ਸਦਭਾਵਨਾ ਬਣਾਈ ਰੱਖਣ ਦੀ ਅਪੀਲ ਕਰਦੇ ਹਾਂ।
ਡੀਐੱਸਪੀ ਸੰਜੀਵ ਕੁਮਾਰ ਦੀ ਅਗਵਾਈ ਵਿਚ ਇਕ ਪੁਲਿਸ ਟੀਮ ਮੰਗਲਵਾਰ ਸਵੇਰੇ ਅੰਮ੍ਰਿਤਸਰ ਤੋਂ ਪੱਪਲਪ੍ਰੀਤ ਸਿੰਘ ਨੂੰ ਲੈ ਕੇ ਅਸਮ ਦੀ ਡਿਬਰੂਗੜ੍ਹ ਜੇਲ੍ਹ ਲਈ ਰਵਾਨਾ ਹੋਈ। ਪੁਲਿਸ ਹਵਾਈ ਮਾਰਗ ਰਾਹੀਂ ਪੱਪਲਪ੍ਰੀਤ ਨੂੰ ਡਿਬਰੂਗੜ੍ਹ ਜੇਲ੍ਹ ਲੈ ਕੇ ਗਈ। ਉਸਨੂੰ ਰਾਮਦਾਸ ਕੌਮਾਂਤਰੀ ਹਵਾਈ ਅੱਡੇ ਰਾਹੀਂ ਲਿਜਾਇਆ ਗਿਆ।