ਹੁਸ਼ਿਆਰਪੁਰ ‘ਚ ਅੰਮ੍ਰਿਤਪਾਲ ਦੇ ਛਿਪੇ ਹੋਣ ਦਾ ਖਦਸ਼ਾ, 2 ਸ਼ੱਕੀ ਇਨੋਵਾ ਛੱਡ ਕੇ ਭੱਜੇ, ਮਰਨਾਈਆ ਪਿੰਡ ਸੀਲ

0
1048

ਹੁਸ਼ਿਆਰਪੁਰ | ਪਿੰਡ ਮਰਨਾਈਆ ’ਚ ਮੰਗਲਵਾਰ ਦੀ ਸ਼ਾਮ 2 ਸ਼ੱਕੀ ਇਨੋਵਾ ਕਾਰ ਛੱਡ ਕੇ ਫਰਾਰ ਹੋ ਗਏ। ਪੁਲਿਸ ਉਨ੍ਹਾਂ ਦਾ ਪਿੱਛਾ ਕਰ ਰਹੀ ਸੀ ਪਰ ਪਿੰਡ ’ਚ ਦਾਖਲ ਹੋਣ ’ਤੇ ਕੋਈ ਰਸਤਾ ਨਾ ਮਿਲਣ ’ਤੇ ਦੋਵੇਂ ਇਨੋਵਾ ਗੱਡੀ ਨੂੰ ਗੁਰਦੁਆਰਾ ਸਾਹਿਬ ਦੇ ਕੋਲ ਛੱਡ ਕੇ ਭੱਜ ਗਏ। ਪੁਲਿਸ ਨੂੰ ਸ਼ੱਕ ਹੈ ਕਿ ਉਹ ਅੰਮ੍ਰਿਤਪਾਲ ਸਿੰਘ ਅਤੇ ਉਸ ਦਾ ਸਾਥੀ ਪਪਲਪ੍ਰੀਤ ਹੋ ਸਕਦੇ ਹਨ।

ਸੂਚਨਾ ਮਿਲਣ ‘ਤੇ ਵੱਡੀ ਗਿਣਤੀ ’ਚ ਪੁਲਿਸ ਮੁਲਾਜ਼ਮ ਵੀ ਪਹੁੰਚ ਗਏ। ਪੁਲਿਸ ਦੇ ਅਚਾਨਕ ਆਉਣ ਕਾਰਨ ਪਿੰਡ ਦੇ ਲੋਕ ਵੀ ਡਰ ਗਏ। ਇਸ ਦੌਰਾਨ ਸ਼ੱਕੀ ਨੌਜਵਾਨਾਂ ਨੂੰ ਪਿੰਡ ਦੇ ਅੱਗੇ ਕੋਈ ਰਸਤਾ ਨਾ ਮਿਲਿਆ, ਜਿਸ ਕਾਰਨ ਉਹ ਗੁਰਦੁਆਰਾ ਸਾਹਿਬ ਨੇੜੇ ਇਨੋਵਾ ਗੱਡੀ ਛੱਡ ਕੇ ਫਰਾਰ ਹੋ ਗਏ। ਇਸ ਤੋਂ ਬਾਅਦ ਪੂਰੇ ਪਿੰਡ ਨੂੰ ਸੀਲ ਕਰਕੇ ਤਲਾਸ਼ੀ ਮੁਹਿੰਮ ਸ਼ੁਰੂ ਕਰ ਦਿੱਤੀ। ਡੀਆਈਜੀ ਸਵਪਨ ਸ਼ਰਮਾ, ਐੱਸਐੱਸਪੀ ਸਰਤਾਜ ਸਿੰਘ ਚਾਹਲ ਵੀ ਮੌਕੇ ’ਤੇ ਪੁੱਜੇ ਅਤੇ ਸਥਿਤੀ ਦਾ ਜਾਇਜ਼ਾ ਲਿਆ।

ਪਿੰਡ ਨੂੰ ਸੀਲ ਕਰ ਦਿੱਤਾ ਹੈ ਅਤੇ 4 ਜ਼ਿਲ੍ਹਿਆਂ ਕਪੂਰਥਲਾ, ਨਵਾਂਸ਼ਹਿਰ, ਜਲੰਧਰ ਅਤੇ ਹੁਸ਼ਿਆਰਪੁਰ ਦੀ ਪੁਲਿਸ ਦੇ ਨਾਲ-ਨਾਲ ਵੱਡੀ ਗਿਣਤੀ ’ਚ ਨੀਮ ਫ਼ੌਜੀ ਬਲਾਂ ਦੇ ਜਵਾਨ ਵੀ ਤਾਇਨਾਤ ਕੀਤੇ ਗਏ ਹਨ। ਪੁਲਿਸ ਮੁਲਾਜ਼ਮ ਖੇਤਾਂ ਵਿਚ ਜਾ ਕੇ ਸ਼ੱਕੀ ਵਿਅਕਤੀਆਂ ਦੀ ਭਾਲ ਕਰ ਰਹੇ ਹਨ। ਦੇਰ ਰਾਤ 11 ਵਜੇ ਤੱਕ ਤਲਾਸ਼ੀ ਮੁਹਿੰਮ ਜਾਰੀ ਰਹੀ ਪਰ ਕੋਈ ਸਫਲਤਾ ਨਹੀਂ ਮਿਲੀ।