ਅਮਰੀਕਾ, 18 ਅਕਤੂਬਰ | ਅਮਰੀਕਾ ਦੇ ਨਿਊਜਰਸੀ ਦੇ ਸਿੱਖ ਮੇਅਰ ਰਵੀ ਭੱਲਾ ਨੂੰ ਜਾਨੋਂ ਮਾਰਨ ਦੀਆਂ ਧਮਕੀਆਂ ਮਿਲੀਆਂ ਹਨ। ਰਵੀ ਭੱਲਾ ਨੇ ਇਕ ਇੰਟਰਵਿਊ ਦੌਰਾਨ ਇਹ ਖੁਲਾਸਾ ਕੀਤਾ ਹੈ। ਉਨ੍ਹਾਂ ਕਿਹਾ ਕਿ ਮੈਨੂੰ ਈਮੇਲ ਰਾਹੀਂ ਨਫ਼ਰਤ ਭਰੇ ਸੰਦੇਸ਼ ਮਿਲੇ ਹਨ, ਜਿਸ ਵਿਚ ਧਮਕੀ ਦਿੱਤੀ ਗਈ ਹੈ ਕਿ ਜੇ ਉਹ ਅਸਤੀਫ਼ਾ ਨਹੀਂ ਦਿੰਦੇ ਤਾਂ ਉਨ੍ਹਾਂ ਨੂੰ ਪਰਿਵਾਰ ਸਣੇ ਮਾਰ ਦਿੱਤਾ ਜਾਵੇਗਾ।
ਦੱਸ ਦਈਏ ਕਿ ਰਵੀ ਭੱਲਾ, ਨਵੰਬਰ 2017 ਵਿਚ ਹੋਬੋਕੇਨ ਸਿਟੀ ਦੇ ਮੇਅਰ ਚੁਣੇ ਜਾਣ ਵਾਲੇ ਪਹਿਲੇ ਸਿੱਖ ਹਨ। ਰਵੀ ਭੱਲਾ ਨੇ ਕਿਹਾ ਕਿ ਪਹਿਲੀ ਮੇਲ ਪੁਰਾਣੀ ਹੈ, ਜਿਸ ਵਿਚ ਉਨ੍ਹਾਂ ਨੂੰ ਅਸਤੀਫਾ ਦੇਣ ਲਈ ਕਿਹਾ ਗਿਆ ਸੀ।
ਦੂਜੀ ਮੇਲ ਵਿਚ ਉਸ ਨੂੰ ਜਾਨੋਂ ਮਾਰਨ ਦੀਆਂ ਧਮਕੀਆਂ ਦਿੱਤੀਆਂ ਗਈਆਂ। ਇਸ ਤੋਂ ਤੁਰੰਤ ਬਾਅਦ ਤੀਜੀ ਮੇਲ ਆਈ ਹੈ, ਜਿਸ ਨੇ ਭੱਲਾ ਅਤੇ ਉਨ੍ਹਾਂ ਦੇ ਪਰਿਵਾਰ ਨੂੰ ਹਿਲਾ ਕੇ ਰੱਖ ਦਿੱਤਾ।
ਇਸ ਮੇਲ ਵਿਚ ਲਿਖਿਆ, “ਇਹ ਤੁਹਾਡੇ ਲਈ ਆਖਰੀ ਚਿਤਾਵਨੀ ਹੈ। ਜੇਕਰ ਤੁਸੀਂ ਤੁਰੰਤ ਅਸਤੀਫਾ ਨਾ ਦਿੱਤਾ ਤਾਂ ਅਸੀਂ ਤੁਹਾਨੂੰ ਪੂਰੇ ਪਰਿਵਾਰ ਸਮੇਤ ਮਾਰ ਦੇਵਾਂਗੇ। ਧਮਕੀ ਮਿਲਣ ਤੋਂ ਬਾਅਦ ਏਜੰਸੀਆਂ ਨੇ ਭੱਲਾ ਅਤੇ ਉਨ੍ਹਾਂ ਦੇ ਪਰਿਵਾਰ ਨੂੰ ਸੁਰੱਖਿਆ ਮੁਹੱਈਆ ਕਰਵਾਈ ਹੈ।