ਅਜਬ-ਗਜ਼ਬ : ਬੇਟੀ ਦੀ ਜ਼ਿੱਦ ‘ਤੇ ਚਾਹ ਵਾਲੇ ਨੇ ਖਰੀਦਿਆ ਮੋਬਾਇਲ, ਸ਼ਹਿਰ ‘ਚ ਕੱਢੀ ‘ਮੋਬਾਇਲ ਬਰਾਤ’

0
1204

ਮੱਧ ਪ੍ਰਦੇਸ਼ | ਮੋਬਾਇਲ ਫੋਨ ਖਰੀਦਣ ਤੋਂ ਬਾਅਦ ਤੁਸੀਂ ਕਿੰਨੇ ਖੁਸ਼ ਹੁੰਦੇ ਹੋ, ਆਫਿਸ ‘ਚ ਮਠਿਆਈ ਵੰਡ ਸਕਦੇ ਹੋ, ਦੋਸਤਾਂ ਨੂੰ ਸਮੋਸੇ-ਚਾਹ ਪਾਰਟੀ ਦੇ ਸਕਦੇ ਹੋ ਜਾਂ ਖੁਦ ਹੀ ਪੀਜ਼ਾ ਟ੍ਰੀਟ ਦੇ ਸਕਦੇ ਹੋ ਪਰ ਮੱਧ ਪ੍ਰਦੇਸ਼ ਦਾ ਇਕ ਚਾਹ ਵਾਲਾ ਸਾਰਿਆਂ ਤੋਂ ਅੱਗੇ ਨਿਕਲ ਗਿਆ।

ਡੇਕਨ ਹੇਰਾਲਡ (Deccan Herald) ਦੀ ਰਿਪੋਰਟ ਅਨੁਸਾਰ ਮੱਧ ਪ੍ਰਦੇਸ਼ ਦੇ ਸ਼ਿਵਪੁਰੀ ਜ਼ਿਲ੍ਹੇ ਦਾ ਇਕ ਚਾਹ ਵਾਲਾ ਮੋਬਾਇਲ ਖਰੀਦਣ ਤੋਂ ਬਾਅਦ ਇੰਨਾ ਖੁਸ਼ ਹੋਇਆ ਕਿ ਉਸ ਨੇ ਸ਼ਹਿਰ ਦੇ ਲੋਕਾਂ ਦੇ ਸਾਹਮਣੇ ਬੱਘੀ-ਘੋੜੀ, ਢੋਲ ਆਦਿ ਨਾਲ ‘ਮੋਬਾਇਲ ਬਰਾਤ’ ਕੱਢ ਦਿੱਤੀ।

12,500 ਦਾ ਖਰੀਦਿਆ ਮੋਬਾਇਲ, ਬਰਾਤ ‘ਚ ਖਰਚੇ 15,000

ਪੁਰਾਣੀ ਸ਼ਿਵਪੁਰੀ ਦੇ ਗੁਰਦੁਆਰਾ ਸਾਹਿਬ ਕੋਲ ਰਹਿਣ ਵਾਲਾ ਮੁਰਾਰੀਲਾਲ ਕੁਸ਼ਵਾਹਾ ਚਾਹ ਵੇਚ ਕੇ ਆਪਣਾ ਘਰ ਚਲਾਉਂਦਾ ਹੈ। ਮੁਰਾਰੀਲਾਲ ਸ਼ਰਾਬ ਪੀਣ ਦਾ ਆਦੀ ਸੀ। ਉਸ ਦੀ 8 ਸਾਲਾ ਬੇਟੀ ਪ੍ਰਿਅੰਕਾ ਨੇ ਆਪਣੇ ਪਿਤਾ ਤੋਂ ਮੋਬਾਇਲ ਦਿਵਾਉਣ ਦੀ ਜ਼ਿੱਦ ਕੀਤੀ। ਮੁਰਾਰੀਲਾਲ ਨੇ ਬੇਟੀ ਨੂੰ ਕਿਹਾ ਕਿ ਮੋਬਾਇਲ ਖਰੀਦਣ ਲਈ ਪੈਸੇ ਨਹੀਂ ਹਨ।

ਬੇਟੀ ਦੇ ਕਹਿਣ ‘ਤੇ ਛੱਡ ਦਿੱਤੀ ਸ਼ਰਾਬ

ਪ੍ਰਿਅੰਕਾ ਨੇ ਆਪਣੇ ਪਿਤਾ ਨੂੰ ਸ਼ਰਾਬ ਛੱਡਣ ਤੇ ਉਨ੍ਹਾਂ ਪੈਸਿਆਂ ਨਾਲ ਮੋਬਾਇਲ ਫੋਨ ਖਰੀਦਣ ਦੀ ਬੇਨਤੀ ਕੀਤੀ। ਪਿਤਾ ਨੇ ਧੀ ਦੀ ਗੱਲ ਮੰਨ ਲਈ ਤੇ ਸ਼ਰਾਬ ਛੱਡ ਦਿੱਤੀ।

ਬੇਟੀ ਦੀ ਗੱਲ ਦਾ ਮੁਰਾਰੀਲਾਲ ‘ਤੇ ਡੂੰਘਾ ਅਸਰ ਪਿਆ। ਉਸ ਨੇ ਪੈਸੇ ਬਚਾਏ, ਮੋਬਾਇਲ ਖਰੀਦਿਆ ਤੇ ਬੱਚਿਆਂ ਨੂੰ ਗੱਡੀ ਵਿੱਚ ਬਿਠਾ ਕੇ ਬੜੀ ਧੂਮਧਾਮ ਨਾਲ ‘ਮੋਬਾਇਲ ਬਰਾਤ’ ਕੱਢ ਕੇ ਮੋਬਾਇਲ ਘਰ ਲੈ ਆਏ।

ਮੁਰਾਰੀਲਾਲ ਦਾ ਕਹਿਣਾ ਹੈ ਕਿ ਉਨ੍ਹਾਂ ਦੀ 8 ਸਾਲ ਦੀ ਬੇਟੀ ਪ੍ਰਿਅੰਕਾ ਤੇ ਦੋਵੇਂ ਬੇਟੇ ਰਾਮ ਤੇ ਸ਼ਿਆਮ ਮੋਬਾਇਲ ਦੀ ਜ਼ਿੱਦ ਕਰ ਰਹੇ ਸਨ। ਬੇਟੀ ਤੇ ਪੁੱਤਰਾਂ ਦੀ ਖੁਸ਼ੀ ਲਈ ਮੁਰਾਰੀਲਾਲ ਨੇ ਨਾ ਸਿਰਫ਼ ਸ਼ਰਾਬ ਦੀ ਆਦਤ ਛੱਡ ਦਿੱਤੀ, ਸਗੋਂ ਇਕ ਫ਼ੋਨ ਵੀ ਖਰੀਦ ਲਿਆ।

ਮੋਬਾਇਲ ਖਰੀਦਣ ਤੋਂ ਬਾਅਦ ਮੁਰਾਰੀਲਾਲ ਬੈਂਡ-ਬਾਜਾ, ਬੱਘੀ-ਘੋੜੀ ਤੇ ਪਟਾਕਿਆਂ ਨਾਲ ਨੱਚਦਾ-ਗਾਉਂਦਾ ਮੋਬਾਇਲ ਘਰ ਲੈ ਆਇਆ। ਮੁਰਾਰੀਲਾਲ ਦੀ ‘ਮੋਬਾਇਲ ਬਰਾਤ’ ਸ਼ਹਿਰ ਭਰ ਵਿੱਚ ਚਰਚਾ ਦਾ ਵਿਸ਼ਾ ਬਣੀ ਹੋਈ ਹੈ।