ਰਾਂਚੀ| ਝਾਰਖੰਡ ਦੇ ਦੋ ਸਕੂਲਾਂ ਤੋਂ ਹੈਰਾਨੀਜਨਕ ਖ਼ਬਰ ਆਈ ਹੈ। ਪਹਿਲੀ ਘਟਨਾ ਪੂਰਬੀ ਸਿੰਘਭੂਮ (ਜਮਸ਼ੇਦਪੁਰ) ਦੇ ਧਲਭੂਮਗੜ੍ਹ ਦੀ ਹੈ, ਜਿੱਥੇ ਕਸਤੂਰਬਾ ਗਾਂਧੀ ਬਾਲਿਕਾ ਵਿਦਿਆਲਿਆ ਦੀ ਵਾਰਡਨ ਨੇ ਕਰੀਬ 200 ਵਿਦਿਆਰਥਣਾਂ ਨੂੰ 500 ਰੁਪਏ ਦੀ ਚੋਰੀ ਦਾ ਦੋਸ਼ ਲਗਾਉਂਦੇ ਹੋਏ 4 ਘੰਟੇ ਕੜਕਦੀ ਧੁੱਪ ‘ਚ ਖੜ੍ਹਾ ਰੱਖਿਆ।
ਦੂਜੀ ਘਟਨਾ ਬੋਕਾਰੋ ਦੇ ਗੋਮੀਆ ਸਥਿਤ ਇੱਕ ਨਿੱਜੀ ਮਿਸ਼ਨਰੀ ਸਕੂਲ ਦੀ ਹੈ। ਇੱਥੇ ਇੱਕ ਜਮਾਤ ਦੇ ਸਾਰੇ ਵਿਦਿਆਰਥੀਆਂ ਨੂੰ ‘ਜੈ ਸ਼੍ਰੀ ਰਾਮ’ ਕਹਿਣ ‘ਤੇ ਦੋ ਦਿਨਾਂ ਲਈ ਮੁਅੱਤਲ ਕਰ ਦਿੱਤਾ ਗਿਆ।
ਇਹ ਹੈਰਾਨ ਕਰਨ ਵਾਲਾ ਮਾਮਲਾ ਬੋਕਾਰੋ ਦੇ ਗੋਮੀਆ ਸਥਿਤ ਲੋਇਲਾ ਸਕੂਲ ਦਾ ਦੱਸਿਆ ਜਾ ਰਿਹਾ ਹੈ। ਦੋਸ਼ ਹੈ ਕਿ 5 ਅਪ੍ਰੈਲ ਨੂੰ ਸਕੂਲ ਦੇ 10ਵੀਂ ਜਮਾਤ ਦੇ ਵਿਦਿਆਰਥੀ ਨੇ ‘ਜੈ ਸ਼੍ਰੀ ਰਾਮ’ ਕਿਹਾ ਸੀ। ਜਦੋਂ ਇਸ ਗੱਲ ਦੀ ਸੂਚਨਾ ਸਕੂਲ ਦੇ ਪ੍ਰਿੰਸੀਪਲ ਤੱਕ ਪਹੁੰਚੀ ਤਾਂ ਉਨ੍ਹਾਂ ਨੇ ਸਾਰੇ ਵਿਦਿਆਰਥੀਆਂ ਨੂੰ ਸਸਪੈਂਡ ਕਰ ਕੇ ਕਲਾਸ ‘ਚੋਂ ਬਾਹਰ ਕੱਢ ਦਿੱਤਾ। ਉਨ੍ਹਾਂ ਨੂੰ ਅਗਲੇ ਦਿਨ ਵੀ ਮੁਅੱਤਲ ਰੱਖਿਆ ਗਿਆ। ਇਸ ਤੋਂ ਬਾਅਦ ਸਕੂਲਾਂ ਵਿੱਚ ਛੁੱਟੀਆਂ ਹੋ ਗਈਆਂ।
ਇੰਨਾ ਹੀ ਨਹੀਂ ਸਕੂਲ ਪ੍ਰਸ਼ਾਸਨ ਨੇ ਮੁਅੱਤਲ ਕੀਤੇ ਵਿਦਿਆਰਥੀਆਂ ਨੂੰ ਉਨ੍ਹਾਂ ਦੇ ਮਾਪਿਆਂ ਸਮੇਤ ਮੰਗਲਵਾਰ ਨੂੰ ਬੁਲਾਇਆ। ਇਸ ਤੋਂ ਬਾਅਦ ਉਨ੍ਹਾਂ ਨੂੰ ਚਿਤਾਵਨੀ ਦੇ ਕੇ ਮੁਅੱਤਲੀ ਖਤਮ ਕਰ ਦਿੱਤੀ ਗਈ। ਵਿਸ਼ਵ ਹਿੰਦੂ ਪ੍ਰੀਸ਼ਦ ਦੀ ਸਥਾਨਕ ਇਕਾਈ ਨੇ ਇਸ ਘਟਨਾ ਦਾ ਵਿਰੋਧ ਕੀਤਾ ਹੈ। ਇਸ ਸਬੰਧੀ ਜ਼ਿਲ੍ਹਾ ਸਿੱਖਿਆ ਸੁਪਰਡੈਂਟ ਨੂੰ ਪੱਤਰ ਲਿਖਿਆ ਗਿਆ ਹੈ। ਇੱਥੇ ਸਕੂਲ ਦੀ ਪ੍ਰਿੰਸੀਪਲ ਅਲੀਸ਼ਾ ਮੰਜੂਨੀ ਨੇ ਦੱਸਿਆ ਕਿ ਅਨੁਸ਼ਾਸਨਹੀਣਤਾ ਕਾਰਨ ਵਿਦਿਆਰਥੀਆਂ ਨੂੰ ਇੱਕ ਦਿਨ ਲਈ ਮੁਅੱਤਲ ਕੀਤਾ ਗਿਆ ਸੀ।
ਦੂਜੇ ਪਾਸੇ ਕੁੜੀਆਂ ਨੂੰ ਧੁੱਪੇ ਰੱਖਣ ਦੇ ਮਾਮਲੇ ਵਿਚ ਕੁੜੀਆਂ ਨੇ ਘਟਨਾ ਬਾਰੇ ਦੱਸਿਆ, ਪਰ ਉਹ ਬਹੁਤ ਡਰੀਆਂ ਹੋਈਆਂ ਸਨ। ਇਸ ਦੌਰਾਨ ਕੁਝ ਲੜਕੀਆਂ ਬੇਹੋਸ਼ ਵੀ ਹੋ ਗਈਆਂ ਪਰ ਵਾਰਡਨ ਪੈਸੇ ਚੋਰੀ ਕਰਨ ਵਾਲੇ ਵਿਅਕਤੀ ਦਾ ਨਾਂ ਪੁੱਛਦੀ ਰਹੀ। ਇਸ ਸਬੰਧੀ ਇੱਕ ਮੰਗ ਪੱਤਰ ਸਕੂਲ ਪ੍ਰਬੰਧਕ ਕਮੇਟੀ ਦੇ ਚੇਅਰਮੈਨ ਵੈਜਨਾਥ ਸੋਰੇਨ, ਕੌਂਸਲਰ ਹੇਮੰਤ ਮੁੰਡਾ, ਵਿਧਾਇਕ ਦੇ ਨੁਮਾਇੰਦੇ ਅਰਜੁਨ ਚੰਦਰ ਹੰਸਦਾ ਵੱਲੋਂ ਧਲਭੂਮਗੜ੍ਹ ਦੇ ਬੀਡੀਓ ਨੂੰ ਸੌਂਪਿਆ ਗਿਆ। ਇਸ ਸਬੰਧੀ ਵਾਰਡਨ ’ਤੇ ਕਾਰਵਾਈ ਦੀ ਮੰਗ ਕੀਤੀ ਗਈ ਹੈ। ਦੂਜੇ ਪਾਸੇ ਵਾਰਡਨ ਰੇਖਾ ਦਾਸ ਨੇ ਆਪਣੇ ‘ਤੇ ਲਗਾਏ ਗਏ ਦੋਸ਼ਾਂ ਨੂੰ ਬੇਬੁਨਿਆਦ ਕਰਾਰ ਦਿੱਤਾ ਹੈ।