ਫਿਲੌਰ, 5 ਸਤੰਬਰ| ਸ਼ਹਿਰ ਦੇ ਸਬ-ਡਵੀਜ਼ਨਲ ਸਿਵਲ ਹਸਪਤਾਲ ’ਚ ਪੋਸਟਮਾਰਟਮ ਲਈ ਰੱਖੀ ਗਈ ਲਾਸ਼ ਦੇ ਹੱਥ ’ਚੋਂ ਸੋਨੇ ਦੀ ਮੁੰਦਰੀ ਲਾਹੁਣ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਗੱਲ ਦਾ ਪਤਾ ਪਰਿਵਾਰ ਵਾਲਿਆਂ ਨੂੰ ਉਦੋਂ ਲੱਗਾ ਜਦੋਂ ਉਹ ਪੋਸਟਮਾਰਟਮ ਤੋਂ ਬਾਅਦ ਲਾਸ਼ ਘਰ ਲੈ ਕੇ ਚੱਲੇ ਸਨ।
ਮ੍ਰਿਤਕਾ ਦੀ ਪਛਾਣ ਪੂਨਮ ਪਤਨੀ ਵਿਜੇ ਵਾਸੀ ਰਾਧਾ ਸੁਆਮੀ ਕਾਲੋਨੀ ਵਜੋਂ ਦੱਸੀ ਜਾ ਰਹੀ ਹੈ। ਦੱਸਣਯੋਗ ਹੈ ਕਿ ਬੀਤੇ ਦਿਨ ਪੂਨਮ ਆਪਣੇ ਘਰ ਤੋਂ ਧਾਰਮਿਕ ਸਮਾਗਮ ’ਚ ਸ਼ਾਮਲ ਹੋਣ ਲਈ ਜਾ ਰਹੀ ਸੀ ਤਾਂ ਰਸਤੇ ’ਚ ਸੜਕ ਹਾਦਸੇ ਦੌਰਾਨ ਉਸ ਦੀ ਮੌਤ ਹੋ ਗਈ।
ਪਰਿਵਾਰਕ ਮੈਂਬਰਾਂ ਮੁਤਾਬਕ ਜਦੋਂ ਪੂਨਮ ਦੀ ਲਾਸ਼ ਹਸਪਤਾਲ ਲਿਆਂਦੀ ਗਈ ਤਾਂ ਉਸ ਦੇ ਇਕ ਹੱਥ ’ਚ ਸੋਨੇ ਦੀ ਮੁੰਦਰੀ ਪਾਈ ਹੋਈ ਸੀ। ਪੋਸਟਮਾਰਟਮ ਤੋਂ ਬਾਅਦ ਜਦੋਂ ਲਾਸ਼ ਪਰਿਵਾਰਕ ਮੈਂਬਰਾਂ ਨੂੰ ਸੌਂਪੀ ਗਈ ਤਾਂ ਉਹ ਹੈਰਾਨ ਰਹਿ ਗਏ ਕਿਉਂਕਿ ਸੋਨੇ ਦੀ ਮੁੰਦਰੀ ਹੱਥ ’ਚੋਂ ਗਾਇਬ ਸੀ।
ਪਰਿਵਾਰ ਨੇ ਮ੍ਰਿਤਕ ਦਾ ਸਸਕਾਰ ਕੀਤੇ ਜਾਣ ਕਾਰਨ ਇਸ ਸਬੰਧੀ ਹਸਪਤਾਲ ਪ੍ਰਸ਼ਾਸਨ ਨੂੰ ਸ਼ਿਕਾਇਤ ਨਹੀਂ ਦਿੱਤੀ ਸੀ। ਹਾਲਾਂਕਿ ਮ੍ਰਿਤਕਾ ਦੇ ਪਤੀ ਵਿਜੇ ਦਾ ਕਹਿਣਾ ਹੈ ਕਿ ਉਹ ਮਾਮਲੇ ਦੀ ਸ਼ਿਕਾਇਤ ਸਵੇਰੇ ਫੁੱਲ ਚੁਗਣ ਉਪਰੰਤ ਕਰਨਗੇ।
ਉਧਰ ਐੱਸਐੱਮਓ ਡਾ. ਰੋਹਿਣੀ ਨੇ ਕਿਹਾ ਕਿ ਲਾਸ਼ ਦੇ ਹੱਥ ’ਚੋਂ ਮੁੰਦਰੀ ਗਾਇਬ ਹੋਣ ਦੀ ਘਟਨਾ ਸਾਹਮਣੇ ਆਈ ਹੈ ਤੇ ਪਰਿਵਾਰਕ ਮੈਂਬਰਾਂ ਵੱਲੋਂ ਕੋਈ ਸ਼ਿਕਾਇਤ ਨਹੀਂ ਆਈ ਹੈ। ਉਨ੍ਹਾਂ ਕਿਹਾ ਕਿ ਸ਼ਿਕਾਇਤ ਮਿਲਣ ’ਤੇ ਉਹ ਸਖ਼ਤ ਕਾਰਵਾਈ ਕਰਨਗੇ। ਫਿਲਹਾਲ ਉਥੇ ਸੀਸੀਟੀਵੀ ਕੈਮਰਿਆਂ ’ਚ ਮੁੰਦਰੀ ਲਾਹੁਣ ਵਾਲੇ ਮੁਲਾਜ਼ਮ ਨੂੰ ਕੈਮਰਿਆਂ ਰਾਹੀਂ ਟਰੇਸ ਕੀਤਾ ਜਾ ਰਿਹਾ ਹੈ।