ਪੂਰੇ ਭਾਰਤ ਨੂੰ ਮਿਲੇਗੀ ਕੋਰੋਨਾ ਦੀ ਮੁਫ਼ਤ ਵੈਕਸੀਨ

0
35206

ਨਵੀਂ ਦਿੱਲੀ | ਕੇਂਦਰ ਸਰਕਾਰ ਨੇ ਕੋਰੋਨਾ ਮਹਾਮਾਰੀ ਤੋਂ ਦੇਸ਼ ਵਾਸੀਆਂ ਨੂੰ ਬਚਾਉਣ ਲਈ ਵੈਕਸੀਨ ਦੇ ਟੀਕਾਕਰਨ ਬਾਰੇ ਰੂਪ-ਰੇਖਾ ਤਿਆਰ ਕਰ ਲਈ ਹੈ। ਖ਼ਬਰ ਏਜੰਸੀ ‘ਰਾਇਟਰਜ਼’ ਅਨੁਸਾਰ਼ ਸਰਕਾਰ ਕੋਰੋਨਾ ਟੀਕਾਕਰਨ ਦਾ ਸਾਰਾ ਖ਼ਰਚਾ ਚੁੱਕੇਗੀ। ਇਸ ਦੇ ਨਾਲ ਹੀ ਆਉਣ ਵਾਲੇ ਬਜਟ 2021-2022 ਵਿੱਚ ਇਸ ਦੀ ਰੂਪ-ਰੇਖਾ ਦਾ ਐਲਾਨ ਹੋ ਸਕਦਾ ਹੈ।

ਏਜੰਸੀ ਦੀ ਰਿਪੋਰਟ ਮੁਤਾਬਕ ਸਰਕਾਰ ਨੇ ਐਸਟ੍ਰਾਜੈਨਿਕਾ ਤੋਂ ਭਾਰੀ ਮਾਤਰਾ ’ਚ ਵੈਕਸੀਨ ਲੈਣ ਦੀ ਤਿਆਰੀ ਕਰ ਲਈ ਹੈ। ਦੇਸ਼ ਦੇ ਇੱਕ ਨਾਗਰਿਕ ਨੂੰ ਕੋਰੋਨਾ ਵੈਕਸੀਨ ਦੀ ਡੋਜ਼ ਦੇਣ ਉੱਤੇ 6 ਤੋਂ 7 ਡਾਲਰ ਭਾਵ 500 ਰੁਪਏ ਤੋਂ ਵੱਧ ਦਾ ਖ਼ਰਚਾ ਆਵੇਗਾ। ਇਹੋ ਕਾਰਨ ਹੈ ਕਿ ਸਰਕਾਰ ਨੇ 130 ਕਰੋੜ ਲੋਕਾਂ ਨੂੰ ਕੋਰੋਨਾ ਵੈਕਸੀਨ ਦੇਣ ਲਈ 500 ਅਰਬ ਰੁਪਏ ਦਾ ਬਜਟ ਤੈਅ ਕੀਤਾ ਹੈ। ਇਸ ਬਜਟ ਦਾ ਇੰਤਜ਼ਾਮ ਮੌਜੂਦਾ ਵਿੱਤੀ ਵਰ੍ਹੇ ਦੇ ਅਖੀਰ ’ਚ ਕੀਤਾ ਜਾਵੇਗਾ। ਉਸ ਤੋਂ ਬਾਅਦ ਵੈਕਸੀਨ ਮੁਹੱਈਆ ਕਰਵਾਉਣ ’ਚ ਫ਼ੰਡ ਦੀ ਕਮੀ ਨਹੀਂ ਹੋਵੇਗੀ

ਰਿਪੋਰਟ ਅਨੁਸਾਰ ਫ਼ਰਵਰੀ ਦੇ ਅੰਤ ਤੱਕ ਟੀਕਾਕਰਣ ਸ਼ੁਰੂ ਹੋ ਸਕਦਾ ਹੈ। ਕੇਂਦਰ ਸਰਕਾਰ ਕੋਰੋਨਾਵਾਇਰਸ ਦੇ ਨਿੱਤ ਵਧਦੇ ਜਾ ਰਹੇ ਕਹਿਰ ਤੋਂ ਡਾਢੀ ਚਿੰਤਤ ਹੈ। ਕੋਰੋਨਾ ਵਾਇਰਸ ਮਹਾਮਾਰੀ ਨਾਲ ਜੂਝ ਰਹੀ ਦੁਨੀਆ ਨੂੰ ਵੈਕਸੀਨ ਦੀ ਡਾਢੀ ਲੋੜ ਹੈ। ਦੁਨੀਆ ’ਚ ਇਸ ਵੇਲੇ 150 ਤੋਂ ਵੱਧ ਟੀਕਿਆਂ ਉੱਤੇ ਖੋਜ ਤੇ ਪ੍ਰੀਖਣ ਲਗਾਤਾਰ ਚੱਲ ਰਹੇ ਹਨ।

ਹਾਲੇ ਤੱਕ ਕਿਸੇ ਵੀ ਵੈਕਸੀਨ ਨੂੰ ਦੁਨੀਆ ’ਚ ਵਰਤੋਂ ਲਈ ਪ੍ਰਵਾਨਗੀ ਨਹੀਂ ਮਿਲੀ। ਸਿਰਫ਼ ਰੂਸ ਨੇ ਇੱਕ ਵੈਕਸੀਨ Sputnik V ਨੂੰ ਅਗਸਤ ’ਚ ਮਨਜ਼ੂਰੀ ਦਿੱਤੀ ਸੀ ਪਰ ਹਾਲੇ ਉਸ ਦੇ ਵੀ ਪ੍ਰੀਖਣ ਚੱਲ ਰਹੇ ਹਨ। ਭਾਰਤ ’ਚ ਵੀ ਕੋਵਿਡ ਦੇ ਤਿੰਨ ਟੀਕਿਆਂ ਦਾ ਦੂਜੇ ਤੇ ਤੀਜੇ ਗੇੜ ਦਾ ਪ੍ਰੀਖਣ ਚੱਲ ਰਿਹਾ ਹੈ।