ਦਿੱਲੀ ਦੀਆਂ ਸਾਰੀਆਂ ਹੱਦਾਂ ਸੀਲ, ਪੰਜਾਬ ਤੋਂ ਗਏ ਅਕਾਲੀਆਂ ਨੂੰ ਨਹੀਂ ਮਿਲ ਰਹੀ ਐਂਟਰੀ

0
589

ਬਹਾਦਰਗੜ੍ਹ/ਹਰਿਆਣਾ | ਖੇਤੀ ਕਾਨੂੰਨਾਂ ਦਾ ਇਕ ਸਾਲ ਮੁਕੰਮਲ ਹੋਣ ‘ਤੇ ਵਿਰੋਧ ਪ੍ਰਦਰਸ਼ਨਾਂ ਦੀ ਸੰਭਾਵਨਾ ਬਣੀ ਹੋਈ ਹੈ। ਇਸ ਦੇ ਮੱਦੇਨਜ਼ਰ ਦਿੱਲੀ ਪੁਲਿਸ ਨੇ ਰਾਜਧਾਨੀ ਦਿੱਲੀ ਦੀਆਂ ਸਾਰੀਆਂ ਹੱਦਾਂ ਸੀਲ ਕਰ ਦਿੱਤੀਆਂ ਹਨ। ਬਹਾਦਰਗੜ੍ਹ ਦੇ ਝੜੌਦਾ ਬਾਰਡਰ ‘ਤੇ ਵੀ ਬੈਰੀਕੇਡਿੰਗ ਕਰ ਦਿੱਤੀ ਗਈ ਹੈ।

ਬਹਾਦਰਗੜ੍ਹ ਤੋਂ ਦਿੱਲੀ ਜਾਣ ਵਾਲੇ ਸਾਰੇ ਕੱਚੇ-ਪੱਕੇ ਰਾਹ ਸੀਲ ਕਰ ਦਿੱਤੇ ਗਏ ਹਨ। ਝੜੌਦਾ ਬਾਰਡਰ, ਨਿਜਾਮਪੁਰ ਬਾਰਡਰ, ਸਿੱਧੀਪੁਰ ਪਿੰਡ, ਜੋਹਨਤੀ ਬਾਰਡਰ ਸਭ ਬੰਦ ਹਨ। ਇਸ ਸਥਿਤੀ ਤੋਂ ਆਮ ਲੋਕ ਕਾਫੀ ਪ੍ਰੇਸ਼ਾਨ ਹਨ।

ਪੰਜਾਬ ਤੋਂ ਆਏ ਸ਼੍ਰੋਮਣੀ ਅਕਾਲੀ ਦਲ ਦੇ ਵਰਕਰਾਂ ਨੂੰ ਦਿੱਲੀ ਜਾਣ ਤੋਂ ਰੋਕਣ ਲਈ ਹੱਦਾਂ ਸੀਲ ਕੀਤੀਆਂ ਗਈਆਂ ਹਨ। ਦਿੱਲੀ ਪੁਲਿਸ ਨੇ ਵਾਹਨ ਰੋਕ-ਰੋਕ ਕੇ ਵਾਪਸ ਮੋੜੇ ਹਨ। ਦਰਅਸਲ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਦੀ ਅਪੀਲ ਤੇ ਪੰਜਾਬ ਤੋਂ ਵਰਕਰ ਦਿੱਲੀ ਜਾ ਰਹੇ ਸਨ।

ਅੱਜ ਦਿੱਲੀ ਤੋਂ ਰਕਾਬਗੰਜ ਗੁਰਦੁਆਰਾ ਤੋਂ ਸੰਸਦ ਤੱਕ ਪੈਦਲ ਮਾਰਚ ਕੱਢਿਆ ਜਾਣਾ ਹੈ। ਖੇਤੀ ਕਾਨੂੰਨਾਂ ਖਿਲਾਫ ਅਕਾਲੀ ਦਲ ਅੱਜ ਕਾਲਾ ਦਿਵਸ ਮਨਾ ਰਿਹਾ ਹੈ। ਅਕਾਲੀ ਵਰਕਰਾਂ ਦੇ ਨਾਲ ਹੀ ਆਮ ਨੌਕਰੀਪੇਸ਼ਾ ਲੋਕ ਵੱਖ-ਵੱਖ ਰਾਹਾਂ ਤੋਂ ਦਿੱਲੀ ‘ਚ ਦਾਖਲ ਹੋਣ ਲਈ ਰਾਹ ਲੱਭ ਰਹੇ ਹਨ।

ਸ਼੍ਰੋਮਣੀ ਅਕਾਲੀ ਦਲ ਵੱਲੋਂ ਅੱਜ 17 ਸਤੰਬਰ ਨੂੰ ਕਿਸਾਨਾਂ ਦੇ ਹੱਕ ‘ਚ ਤੇ ਖੇਤੀ ਕਾਨੂੰਨਾਂ ਦੇ ਵਿਰੋਧ ‘ਚ ਕਾਲੇ ਦਿਵਸ ਦਾ ਐਲਾਨ ਕੀਤਾ ਗਿਆ ਸੀ। ਇਸ ਤਹਿਤ ਅਕਾਲੀ ਦਲ ਵੱਲੋਂ ਗੁਰਦੁਆਰਾ ਸ੍ਰੀ ਰਕਾਬਗੰਜ ਸਾਹਿਬ ਤੋਂ ਸੰਸਦ ਤੱਕ ਰੋਸ ਮਾਰਚ ਕੱਢਿਆ ਜਾਣਾ ਸੀ ਪਰ ਅਕਾਲੀ ਦਲ ਨੂੰ ਇਸ ਰੋਸ ਮਾਰਚ ਦੀ ਇਜਾਜ਼ਤ ਨਹੀਂ ਮਿਲੀ।

ਇਸ ਦੇ ਬਾਵਜੂਦ ਅਕਾਲੀ ਦਲ ਦੇ ਕਈ ਵਰਕਰ ਦੇਰ ਰਾਤ ਦਿੱਲੀ ਪਹੁੰਚੇ, ਜਿੰਨ੍ਹਾਂ ਨੂੰ ਪੁਲਿਸ ਨੇ ਦਿੱਲੀ ‘ਚ ਦਾਖਲ ਹੋਣ ਤੋਂ ਰੋਕ ਦਿੱਤਾ। ਇਹ ਵਰਕਰ ਬੱਸਾਂ ਤੋਂ ਇਲਾਵਾ ਨਿੱਜੀ ਗੱਡੀਆਂ ਲੈ ਕੇ ਪਹੁੰਚੇ ਸਨ ਪਰ ਪੁਲਿਸ ਨੇ ਇਨ੍ਹਾਂ ਨੂੰ ਰਾਹ ‘ਚ ਹੀ ਬੈਰੀਕੇਡ ਲਾ ਕੇ ਅੱਗੇ ਵਧਣ ਤੋਂ ਰੋਕ ਦਿੱਤਾ।