ਅਕਾਲੀ ਦਲ ਜਲੰਧਰ ਜ਼ਿਮਨੀ ਚੋਣ ਤੋਂ ਲੜੇਗਾ ਇਲੈਕਸ਼ਨ, ਉਮੀਦਵਾਰ ਦੇ ਨਾਮ ਦਾ ਅਜੇ ਨਹੀਂ ਕੀਤਾ ਐਲਾਨ

0
685

ਜਲੰਧਰ | ਅਕਾਲੀ ਦਲ ਬਾਦਲ ਜਲੰਧਰ ਜ਼ਿਮਨੀ ਚੋਣ ਦੀ ਸੀਟ ਤੋਂ ਇਲੈਕਸ਼ਨ ਲੜੇਗਾ ਪਰ ਉਮੀਦਵਾਰ ਦਾ ਅਜੇ ਨਹੀਂ ਐਲਾਨ ਕੀਤਾ। ਸੁਖਬੀਰ ਬਾਦਲ ਨੇ ਅੱਜ ਪ੍ਰੈਸ ਕਾਨਫਰੰਸ ਕੀਤੀ। ਉਨ੍ਹਾਂ ਨੇ ਵੈਸੇ ਤਾਂ ਬੀਤੇ ਕੱਲ ਨੂੰ ਕਿਹਾ ਸੀ ਕਿ 8 ਅਪ੍ਰੈਲ ਨੂੰ ਦੁਪਹਿਰ 12 ਵਜੇ ਤੋਂ ਬਾਅਦ ਉਮੀਦਵਾਰ ਦਾ ਐਲਾਨ ਕਰਨਗੇ ਪਰ ਅਜੇ ਤਕ ਉਨ੍ਹਾਂ ਨਾਮ ਦਾ ਐਲਾਨ ਨਹੀਂ ਕੀਤਾ।

ਲੋਕ ਸਭਾ ਜਲੰਧਰ ਦੀ ਜ਼ਿਮਨੀ ਚੋਣ ਲਈ ਅਕਾਲੀ-ਬਸਪਾ ਗਠਜੋੜ ਵੱਲੋਂ ਅਕਾਲੀ ਦਲ ਦਾ ਉਮੀਦਵਾਰ ਹੋਵੇਗਾ। ਇਹ ਐਲਾਨ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਅੱਜ ਇੱਥੇ ਪ੍ਰੈੱਸ ਕਲੱਬ ਵਿਖੇ ਗੱਲਬਾਤ ਕਰਦਿਆਂ ਕੀਤਾ। ਉਨ੍ਹਾਂ ਕਿਹਾ ਕਿ ਦੋਵਾਂ ਪਾਰਟੀਆ ਦੀ ਲੀਡਰਸ਼ਿਪ ਨੇ ਆਪਣੇ-ਆਪਣੇ ਕੈਡਰ ਦੀ ਸਲਾਹ ਨਾਲ ਇਹ ਫੈਸਲਾ ਕੀਤਾ ਹੈ ਕਿ ਇਸ ਜ਼ਿਮਨੀ ਚੋਣ ਲਈ ਅਕਾਲੀ ਦਲ ਦਾ ਉਮੀਦਵਾਰ ਖੜ੍ਹਾ ਕੀਤਾ ਜਾਵੇ।

ਉਨ੍ਹਾਂ ਕਿਹਾ ਕਿ ਦੋਵਾਂ ਪਾਰਟੀਆਂ ਦਾ ਕੈਡਰ ਆਪਣੇ ਸਾਂਝੇ ਉਮੀਦਵਾਰ ਨੂੰ ਜਿਤਾਉਣ ਲਈ ਦਿਨ-ਰਾਤ ਇਕ ਕਰ ਦੇਵੇਗਾ ਅਤੇ ਛੇਤੀ ਹੀ ਦੋਵਾਂ ਪਾਰਟੀਆਂ ਦੇ ਵੱਡੇ ਆਗੂ ਜਲੰਧਰ ’ਚ ਚੋਣ ਪ੍ਰਚਾਰ ਲਈ ਪੁੱਜ ਜਾਣਗੇ। ਅਕਾਲੀ ਦਲ ਦੇ ਉਮੀਦਵਾਰ ਬਾਰੇ ਪੁੱਛੇ ਜਾਣ ’ਤੇ ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਪਾਰਟੀ ਉਮੀਦਵਾਰ ਬਾਰੇ ਛੇਤੀ ਹੀ ਐਲਾਨ ਕਰ ਦਿੱਤਾ ਜਾਵੇਗਾ। ਇਸ ਮੌਕੇ ਬਹੁਜਨ ਸਮਾਜ ਪਾਰਟੀ ਪੰਜਾਬ ਦੇ ਇੰਚਾਰਜ ਰਣਧੀਰ ਸਿੰਘ ਬੈਨੀਵਾਲ ਨੇ ਕਿਹਾ ਕਿ ਪਾਰਟੀ ਸੁਮਰੀਮੋ ਭੈਣ ਮਾਇਆਵਤੀ ਨੇ ਫੈਸਲਾ ਕੀਤਾ ਹੈ ਕਿ ਪਾਰਟੀ ਨੇ ਕਦੀ ਵੀ ਜ਼ਿਮਨੀ ਚੋਣ ਨਹੀਂ ਲੜੀ, ਇਸ ਲਈ ਜਲੰਧਰ ਜ਼ਿਮਨੀ ਚੋਣ ’ਚ ਗਠਜੋੜ ਵੱਲੋਂ ਅਕਾਲੀ ਦਲ ਦਾ ਉਮੀਦਵਾਰ ਚੋਣ ਲੜੇਗਾ।