ਏਅਰ ਇੰਡੀਆ ਦੀ ਉਡਾਣ ਨੇ ਯਾਤਰੀਆਂ ਨੂੰ ਪਾਇਆ ਵਖ਼ਤ, ਤਕਨੀਕੀ ਖ਼ਰਾਬੀ ਤੇ ਖਰਾਬ ਮੌਸਮ ਕਾਰਨ ਦੋਹਰੀ ਮੁਸ਼ਕਲ

0
6

ਏਅਰ ਇੰਡੀਆ ਦੀ ਦਿੱਲੀ ਤੋਂ ਹਲਵਾਰਾ ਜਾਣ ਵਾਲੀ ਫਲਾਈਟ AI-481 ਦੇ ਯਾਤਰੀਆਂ ਨੂੰ ਇੱਕੋ ਦਿਨ ਦੋ ਵੱਡੀਆਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ। ਪਹਿਲਾਂ ਤਕਨੀਕੀ ਖ਼ਰਾਬੀ ਕਾਰਨ ਜਹਾਜ਼ ਨੂੰ ਦਿੱਲੀ ਵਾਪਸ ਲਿਆਉਣਾ ਪਿਆ ਅਤੇ ਬਾਅਦ ਵਿੱਚ ਦੂਜੇ ਜਹਾਜ਼ ਦੀ ਹਲਵਾਰਾ ਵਿੱਚ ਲੈਂਡਿੰਗ ਦੌਰਾਨ ਖਰਾਬ ਮੌਸਮ ਕਾਰਨ ਜ਼ਬਰਦਸਤ ਝਟਕੇ ਲੱਗੇ। ਹਾਲਾਂਕਿ, ਸਾਰੇ ਯਾਤਰੀ ਅਤੇ ਚਾਲਕ ਦਲ ਦੇ ਮੈਂਬਰ ਸੁਰੱਖਿਅਤ ਰਹੇ।

ਜਾਣਕਾਰੀ ਅਨੁਸਾਰ, ਦਿੱਲੀ ਤੋਂ ਉਡਾਣ ਭਰਨ ਦੇ ਕੁਝ ਸਮੇਂ ਬਾਅਦ ਹੀ ਜਹਾਜ਼ ਵਿੱਚ ਤਕਨੀਕੀ ਖ਼ਰਾਬੀ ਆ ਗਈ। ਸੁਰੱਖਿਆ ਨੂੰ ਧਿਆਨ ਵਿੱਚ ਰੱਖਦਿਆਂ ਪਾਇਲਟ ਨੇ ਜਹਾਜ਼ ਨੂੰ ਵਾਪਸ ਦਿੱਲੀ ਹਵਾਈ ਅੱਡੇ ‘ਤੇ ਸੁਰੱਖਿਅਤ ਉਤਾਰ ਦਿੱਤਾ। ਇਸ ਤੋਂ ਬਾਅਦ ਯਾਤਰੀਆਂ ਨੂੰ ਦੂਜੇ ਜਹਾਜ਼ ਰਾਹੀਂ ਹਲਵਾਰਾ ਲਈ ਰਵਾਨਾ ਕੀਤਾ ਗਿਆ।

ਹਲਵਾਰਾ ਪਹੁੰਚਣ ਸਮੇਂ ਖਰਾਬ ਮੌਸਮ ਅਤੇ ਤੇਜ਼ ਹਵਾਵਾਂ ਕਾਰਨ ਜਹਾਜ਼ ਨੂੰ ਲੈਂਡਿੰਗ ਦੌਰਾਨ ਕਾਫ਼ੀ ਝਟਕੇ ਲੱਗੇ, ਜਿਸ ਨਾਲ ਕੁਝ ਸਮੇਂ ਲਈ ਯਾਤਰੀਆਂ ਵਿੱਚ ਸਹਿਮ ਦਾ ਮਾਹੌਲ ਬਣ ਗਿਆ। ਪਾਇਲਟ ਨੇ ਸਥਿਤੀ ‘ਤੇ ਕਾਬੂ ਪਾਉਂਦਿਆਂ ਜਹਾਜ਼ ਦੀ ਸੁਰੱਖਿਅਤ ਲੈਂਡਿੰਗ ਕਰਵਾਈ।

ਇਸ ਘਟਨਾ ਵਿੱਚ ਕਿਸੇ ਵੀ ਯਾਤਰੀ ਜਾਂ ਚਾਲਕ ਦਲ ਦੇ ਮੈਂਬਰ ਨੂੰ ਕੋਈ ਸੱਟ ਨਹੀਂ ਲੱਗੀ ਅਤੇ ਸਾਰੇ ਯਾਤਰੀ ਸੁਰੱਖਿਅਤ ਆਪਣੇ ਟਿਕਾਣੇ ‘ਤੇ ਪਹੁੰਚ ਗਏ।

ਇਸ ਤੋਂ ਪਹਿਲਾਂ ਵੀ ਕਰੀਬ ਢਾਈ ਹਫ਼ਤੇ ਪਹਿਲਾਂ ਜਰਮਨੀ ਦੇ ਮਿਊਨਿਖ ਤੋਂ ਦਿੱਲੀ ਆ ਰਹੀ ਲੁਫਥਾਂਸਾ ਦੀ ਉਡਾਣ ਨੂੰ ਦਿੱਲੀ ਨੇੜੇ ਖਰਾਬ ਮੌਸਮ ਕਾਰਨ ਭਾਰੀ ਝਟਕਿਆਂ ਦਾ ਸਾਹਮਣਾ ਕਰਨਾ ਪਿਆ ਸੀ। ਉਸ ਵੇਲੇ ਜਹਾਜ਼ ਨੂੰ ਦਿੱਲੀ ਦੀ ਬਜਾਏ ਮੁੰਬਈ ਵੱਲ ਮੋੜਿਆ ਗਿਆ ਸੀ ਅਤੇ ਮੌਸਮ ਸਾਫ਼ ਹੋਣ ਤੋਂ ਬਾਅਦ ਹੀ ਦਿੱਲੀ ਲਈ ਉਡਾਣ ਭਰੀ ਗਈ ਸੀ।