ਜਲੰਧਰ| ਥਾਣਾ ਰਾਮਾਮੰਡੀ ਅਧੀਨ ਪੈਂਦੇ ਸਤਨਾਮਪੁਰਾ (ਗੁਰੂਨਾਨਕਪੁਰਾ) ਵਿੱਚ ਗੋਲੀਆਂ ਚਲਣ ਕਾਰਨ ਮਰਿਆ ਬਾਊਂਸਰ ਲਾਰੈਂਸ ਬਿਸ਼ਨੋਈ ਦਾ ਸਾਥੀ ਸੀ, ਜਿਸ ਦਾ ਮੌਤ ਤੋਂ ਬਾਅਦ ਲਾਰੈਂਸ ਬਿਸ਼ਨੋਈ ਦੇ ਨਾਂ ਤੋਂ ਸੋਸ਼ਲ ਮੀਡੀਆ ਤੇ ਇਕ ਪੋਸਟ ਪਾ ਗਈ, ਜਿਸ ਚ ਲਿਖਿਆ ਗਿਆ ਕਿ ਸਾਥੀ ਦੀ ਮੌਤ ਦਾ ਬਦਲਾ ਲਿਆ ਜਾਵੇਗਾ।
ਦੱਸਣਯੋਗ ਹੈ ਕਿ ਸਤਨਾਮਪੁਰ ਦਾ ਰਹਿਣ ਵਾਲਾ ਬਲਜਿੰਦਰ ਸਿੰਘ ਜੋ ਬਾਊਂਸਰ ਕੰਪਨੀ ਵੀ ਚਲਾਉਂਦਾ ਹੈ, ਉਸ ਦਾ ਦੋਸਤ ਰਵਿੰਦਰ ਉਰਫ ਸੋਨੂੰ ਉਸ ਨੂੰ ਮਿਲਣ ਆਇਆ ਹੋਇਆ ਸੀ। ਬਲਜਿੰਦਰ, ਸੋਨੂੰ ਅਤੇ ਉਨ੍ਹਾਂ ਦੀ ਮਾਂ ਘਰ ਦੇ ਬਾਹਰ ਕਾਰ ਕੋਲ ਖੜ੍ਹੇ ਸਨ। ਇਸੇ ਦੌਰਾਨ ਬਲਜਿੰਦਰ ਦੇ ਚਾਚੇ ਦਾ ਲੜਕਾ ਗੁਰਮੀਤ ਸਿੰਘ ਔਲਖ ਜੋ ਕਿ ਟੈਕਸੀ ਯੂਨੀਅਨ ਦਾ ਪ੍ਰਧਾਨ ਹੈ, ਬਾਈਕ ‘ਤੇ ਆਇਆ ਅਤੇ ਕਾਰ ਨੂੰ ਟੱਕਰ ਮਾਰ ਦਿੱਤੀ। ਇਸ ‘ਤੇ ਮਾਮੂਲੀ ਝਗੜਾ ਹੋ ਗਿਆ। ਗੁਰਮੀਤ ਪੂਰੀ ਤਰ੍ਹਾਂ ਸ਼ਰਾਬ ਦੇ ਨਸ਼ੇ ਵਿੱਚ ਧੁੱਤ ਸੀ। ਬਲਜਿੰਦਰ ਨੇ ਕਿਸੇ ਤਰ੍ਹਾਂ ਆਪਣੇ ਤਾਏ ਦੇ ਲੜਕੇ ਗੁਰਮੀਤ ਔਲਖ ਨੂੰ ਆਪਣੇ ਘਰ ਦੇ ਨਾਲ ਲੱਗਦੇ ਘਰ ਦੇ ਗੇਟ ਦੇ ਅੰਦਰ ਪਹੁੰਚਾਇਆ।
ਜਿਵੇਂ ਹੀ ਚਾਚੇ ਦੇ ਲੜਕੇ ਬਲਜਿੰਦਰ ਨੇ ਗੁਰਮੀਤ ਔਲਖ ਨੂੰ ਘਰ ਦੇ ਅੰਦਰ ਸੁੱਟਿਆ ਤਾਂ ਉਹ ਹੱਥ ਵਿੱਚ ਲਾਇਸੈਂਸੀ ਹਥਿਆਰ ਲੈ ਕੇ ਵਾਪਸ ਆ ਗਿਆ। ਉਸ ਨੇ ਆਉਂਦਿਆਂ ਹੀ ਪਹਿਲੀ ਗੋਲੀ ਸਿੱਧੀ ਰਵਿੰਦਰ ਸੋਨੂੰ ‘ਤੇ ਮਾਰੀ। ਗੋਲੀ ਛਾਤੀ ਵਿੱਚ ਲੱਗੀ। ਉਸ ਦੀ ਮੌਕੇ ‘ਤੇ ਹੀ ਮੌਤ ਹੋ ਗਈ। ਗੁਰਮੀਤ ਨੇ ਦੂਜੀ ਗੋਲੀ ਆਪਣੇ ਚਾਚੇ ਦੇ ਲੜਕੇ ਬਲਜਿੰਦਰ ਔਲਖ ‘ਤੇ ਚਲਾਈ ਪਰ ਉਹ ਬਚ ਗਿਆ। ਉਸ ਨੇ ਤੀਜੀ ਗੋਲੀ ਆਪਣੀ ਚਾਚੀ ਅਤੇ ਬਲਜਿੰਦਰ ਦੀ ਮਾਂ ਕੁਲਜੀਤ ਕੌਰ ‘ਤੇ ਚਲਾਈ। ਗੋਲੀ ਕੁਲਜੀਤ ਕੌਰ ਦੀ ਲੱਤ ਵਿੱਚ ਲੱਗੀ। ਗੋਲੀਆਂ ਚਲਾਉਣ ਤੋਂ ਬਾਅਦ ਗੁਰਮੀਤ ਆਪਣੇ ਘਰ ਵਿੱਚ ਲੁਕ ਗਿਆ।