ਨਿਊਜ਼ ਡੈਸਕ| ਭਾਰਤੀ ਰਿਜ਼ਰਵ ਬੈਂਕ (ਆਰਬੀਆਈ) ਨੇ ਹਾਲ ਹੀ ਵਿੱਚ 2000 ਰੁਪਏ ਦੇ ਨੋਟ ਨੂੰ ਪੜਾਅਵਾਰ ਬੰਦ ਕਰਨ ਦਾ ਫੈਸਲਾ ਕੀਤਾ ਹੈ। RBI ਨੇ ਲੋਕਾਂ ਨੂੰ 2000 ਰੁਪਏ ਦੇ ਨੋਟ ਬਦਲਣ ਜਾਂ ਜਮ੍ਹਾ ਕਰਵਾਉਣ ਲਈ 23 ਮਈ ਤੋਂ 30 ਸਤੰਬਰ ਤੱਕ ਦਾ ਸਮਾਂ ਦਿੱਤਾ ਹੈ। ਇਸ ਦੌਰਾਨ ਪੁਰਾਣੇ ਫਾਰਮ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਗਏ ਹਨ, ਜਿਸ ਕਾਰਨ ਲੋਕਾਂ ਦੇ ਮਨ ‘ਚ ਰੁਪਏ ਜਮ੍ਹਾ ਕਰਵਾਉਣ ਬਾਰੇ ਕਈ ਤਰ੍ਹਾਂ ਦੇ ਸਵਾਲ ਖੜ੍ਹੇ ਹੋ ਗਏ ਹਨ।
ਹਾਲਾਂਕਿ ਇਸ ‘ਤੇ ਭਾਰਤੀ ਸਟੇਟ ਬੈਂਕ ਨੇ ਸਪੱਸ਼ਟ ਕੀਤਾ ਸੀ ਕਿ 2000 ਰੁਪਏ ਦਾ ਨੋਟ ਬਦਲਵਾਉਣ ਲਈ ਕਿਸੇ ਵੀ ਵਿਅਕਤੀ ਨੂੰ ਕੋਈ ਆਈਡੀ ਪਰੂਫ਼ ਨਹੀਂ ਦੇਣਾ ਪਵੇਗਾ ਅਤੇ ਨਾ ਹੀ ਕੋਈ ਫਾਰਮ ਭਰਨਾ ਪਵੇਗਾ। ਇੱਥੋਂ ਤੱਕ ਕਿ 2000 ਰੁਪਏ ਦੇ ਨੋਟਾਂ ਨੂੰ ਇੱਕ ਵਾਰ ਵਿੱਚ 20,000 ਰੁਪਏ ਤੱਕ ਆਸਾਨੀ ਨਾਲ ਬਦਲਿਆ ਜਾ ਸਕਦਾ ਹੈ। ਇਸ ਦੇ ਨਾਲ ਹੀ SBI ਤੋਂ ਬਾਅਦ ਹੁਣ ਪੰਜਾਬ ਨੈਸ਼ਨਲ ਬੈਂਕ (PNB) ਨੇ ਵੀ ਦਿਸ਼ਾ-ਨਿਰਦੇਸ਼ ਜਾਰੀ ਕੀਤੇ ਹਨ, ਤਾਂ ਜੋ ਲੋਕਾਂ ਵਿੱਚ ਕੋਈ ਗਲਤਫਹਿਮੀ ਨਾ ਹੋਵੇ।
ਦੱਸ ਦਈਏ ਕਿ ਪੰਜਾਬ ਨੈਸ਼ਨਲ ਬੈਂਕ ਦੇ ਅਧਿਕਾਰੀਆਂ ਨੇ ਆਨਲਾਈਨ ਵਾਇਰਲ ਹੋ ਰਹੇ ਫਾਰਮ ‘ਤੇ ਸਪੱਸ਼ਟ ਦਿਸ਼ਾ-ਨਿਰਦੇਸ਼ ਜਾਰੀ ਕਰ ਦਿੱਤੇ ਹਨ। ਬੈਂਕ ਦਾ ਕਹਿਣਾ ਹੈ ਕਿ 2000 ਰੁਪਏ ਦੇ ਨੋਟ ਨੂੰ ਬਦਲਣ ਲਈ ਕਿਸੇ ਆਧਾਰ ਕਾਰਡ ਜਾਂ ਅਧਿਕਾਰਤ ਵੈਰੀਫਾਈਡ ਦਸਤਾਵੇਜ਼ (OVD) ਦੀ ਲੋੜ ਨਹੀਂ ਹੈ। ਨਾ ਹੀ ਕੋਈ ਵੀ ਫਾਰਮ ਭਰਨ ਦੀ ਲੋੜ ਹੈ।