ਗੁਰਦਾਸਪੁਰ : ਪੈਲੇਸ ‘ਚ ਬਰਾਤ ਦੇ ਸਵਾਗਤ ਪਿੱਛੋਂ ਮੁੰਦਰੀ ਤੇ ਦਾਜ ਤੋਂ ਪਿਆ ਪੰਗਾ, ਦੋਵੇਂ ਧਿਰਾਂ ਲਾੜੇ ਤੇ ਲਾੜੀ ਸਣੇ ਪਹੁੰਚੀਆਂ ਥਾਣੇ 

0
1109

ਬਟਾਲਾ, 1 ਨਵੰਬਰ| ਬਟਾਲਾ ‘ਚ ਕਾਹਨੂੰਵਾਨ ਰੋਡ ਉਤੇ ਰਾਜਾ ਪੈਲੇਸ ਵਿਚ ਦੇਰ ਰਾਤ ਵਿਆਹ ਦਾ ਪ੍ਰੋਗਰਾਮ ਰੱਖਿਆ ਗਿਆ ਸੀ ਪਰ ਇਹ ਵਿਆਹ ਦਾ ਪ੍ਰੋਗਰਾਮ ਕਲੇਸ਼ ਵਿਚ ਬਦਲ ਗਿਆ। ਅਸਲ ਵਿਚ ਪੈਲੇਸ ਵਿਚ ਬਾਰਾਤ ਦੇ ਸਵਾਗਤ ਤੋਂ ਬਾਅਦ ਮੁੰਦਰੀ ਤੇ ਦਾਜ ਤੋਂ ਪੰਗਾ ਪੈ ਗਿਆ। ਮਾਮਲਾ ਇੰਨਾ ਵਧ ਗਿਆ ਕਿ ਦੋਵੇਂ ਧਿਰਾਂ ਨੂੰ ਲਾੜੇ ਤੇ ਲਾੜੀ ਸਣੇ ਥਾਣੇ ਜਾਣਾ ਪਿਆ।

ਜਾਣਕਾਰੀ ਅਨੁਸਾਰ ਸਿਵਲ ਲਾਈਨ ਥਾਣਾ ਬਟਾਲਾ ਵਿੱਚ ਮਾਹੌਲ ਗਰਮਾ ਗਰਮੀ ਦਾ ਉਸ ਵੇਲੇ ਬਣ ਗਿਆ ਜਦੋਂ ਬਟਾਲਾ ਦੇ ਰਾਜਾ ਪੈਲੇਸ ਵਿੱਚ ਪਹੁੰਚੀ ਬਰਾਤ ਦਾ ਲੜਕੀ ਵਾਲਿਆਂ ਵਲੋਂ ਸਵਾਗਤ ਕਰਨ ਤੋਂ ਬਾਅਦ ਮੁੰਦਰੀ ਅਤੇ ਦਾਜ ਨੂੰ ਲੈ ਕੇ ਦੋਵਾਂ ਧਿਰਾਂ ਦਰਮਿਆਨ ਕਲੇਸ਼ ਪੈ ਗਿਆ ਅਤੇ ਦੋਵੇਂ ਧਿਰਾਂ ਵਿਆਹ ਦੀਆਂ ਰਸਮਾਂ ਵਿਚੇ ਛੱਡ ਕੇ ਦੁਲਹਨ ਅਤੇ ਦੁਲਹੇ ਸਮੇਤ ਥਾਣੇ ਪਹੁੰਚ ਗਈਆਂ।

ਇਸ ਮੌਕੇ ਦੁਲਹਨ ਦੀ ਮਾਤਾ ਅਤੇ ਦੁਲਹਨ ਨੇ ਦੱਸਿਆ ਕਿ ਦੁਲਹਨ ਅਤੇ ਦੁਲਹੇ ਦੀ ਲਵ ਮੈਰਿਜ ਸੀ। ਦੁਲਹੇ ਵਾਲੇ ਬਰਾਤ ਲੈ ਕੇ ਪੈਲੇਸ ਪਹੁੰਚੇ ਸੀ ਤਾਂ ਕ੍ਰਿਸਚੀਅਨ ਭਾਈਚਾਰੇ ਵਲੋਂ ਦੁਲਹਨ ਨੂੰ ਮੁੰਦਰੀ ਪਾਉਣੀ ਹੁੰਦੀ ਹੈ ਪਰ ਦੁਲਹੇ ਵਾਲ਼ੇ ਲੜਕੀ ਨੂੰ ਪਾਉਣ ਲਈ ਮੁੰਦਰੀ ਨਹੀਂ ਲੈ ਕੇ ਆਏ, ਉਤੋਂ ਦੁਲਹਨ ਵਾਲਿਆਂ ਕੋਲੋਂ ਮੋਟਰਸਾਈਕਲ ਸਮੇਤ ਹੋਰ ਦਹੇਜ ਦੀ ਮੰਗ ਕਰਨ ਲੱਗ ਪਏ, ਜਿਸ ਤੋਂ ਬਾਅਦ ਦੋਵਾਂ ਧਿਰਾਂ ਦਰਮਿਆਨ ਕਲੇਸ਼ ਵਧ ਗਿਆ। ਲੜਕੀ ਅਤੇ ਉਸਦੀ ਮਾਤਾ ਨੇ ਕਿਹਾ ਕਿ ਉਹ ਵਿਆਹ ਵੀ ਲੜਕੇ ਵਾਲਿਆਂ ਮੁਤਾਬਿਕ ਹੀ ਕਰ ਰਹੇ ਸੀ। ਪੈਲੇਸ ਵੀ ਲੜਕੇ ਦੇ ਕਹਿਣ ‘ਤੇ ਹੀ ਬੁੱਕ ਕਰਵਾਇਆ ਸੀ ਪਰ ਅੱਜ ਲੜਕੇ ਦੇ ਤੇਵਰ ਹੀ ਅਲੱਗ ਦਿਖਾਈ ਦੇ ਰਹੇ ਸੀ। ਉਨ੍ਹਾਂ ਕਿਹਾ  ਕਿ ਹੁਣ ਇਸ ਕਲੇਸ਼ ਤੋਂ ਬਾਅਦ ਉਹ ਆਪਣੀ ਲੜਕੀ ਇਸ ਲੜਕੇ ਨਾਲ ਨਹੀਂ ਵਿਆਹੁਣਗੇ। ਉਨ੍ਹਾਂ ਨੂੰ ਇਨਸਾਫ ਚਾਹੀਦਾ ਹੈ।

ਉਥੇ ਹੀ ਦੁਲਹੇ ਦਾ ਕਹਿਣਾ ਸੀ ਕਿ ਦਹੇਜ ਵਾਲੀ ਕੋਈ ਗੱਲ ਨਹੀਂ ਹੋਈ। ਉਸਦਾ ਕਹਿਣਾ ਸੀ ਕਿ ਮੇਰਾ ਵਿਆਹ ਮੇਰੇ ਨਾਨਕੇ ਕਰ ਰਹੇ ਹਨ ਅਤੇ ਸਾਡੇ ਵਿਚ ਲੜਕੀ ਨੂੰ ਮੁੰਦਰੀ ਨਹੀਂ ਪਾਈ ਜਾਂਦੀ ਪਰ ਲੜਕੀ ਵਾਲੇ ਕਹਿਣ ਲੱਗੇ ਕੇ ਮੁੰਦਰੀ ਲੈ ਕੇ ਆਓ। ਬਸ ਇਸੇ ਗੱਲ ਤੋਂ ਕਲੇਸ਼ ਵਧ ਗਿਆ। ਦੁਲਹੇ ਨੇ ਅੱਗੇ ਕਿਹਾ ਕਿ ਅਗਰ ਕੋਈ ਗਲਤੀ ਹੋਈ ਹੈ ਤਾਂ ਮੈਂ ਮੁਆਫੀ ਮੰਗ ਲੈਂਦਾ ਹਾਂ।