ਲੁਧਿਆਣਾ | ਸਾਈਬਰ ਠੱਗਾਂ ਨੇ ਲੁਧਿਆਣਾ ਦੀ ਇਕ ਔਰਤ ਨੂੰ ਆਪਣਾ ਸ਼ਿਕਾਰ ਬਣਾਇਆ ਹੈ। ਸ਼ਾਤਿਰ ਠੱਗ ਨੇ ਖੁਦ ਨੂੰ ਇੰਗਲੈਂਡ ਦਾ ਨਾਗਰਿਕ ਦੱਸ ਕੇ ਪਹਿਲਾਂ 42 ਸਾਲਾ ਵਿਧਵਾ ਨਾਲ ਇੰਸਟਾਗ੍ਰਾਮ ‘ਤੇ ਦੋਸਤੀ ਕੀਤੀ ਤੇ ਫਿਰ ਵਿਆਹ ਦਾ ਪ੍ਰਸਤਾਵ ਰੱਖ ਦਿੱਤਾ।
ਔਰਤ ਨੂੰ ਵਿਸ਼ਵਾਸ ‘ਚ ਲੈਣ ਤੋਂ ਬਾਅਦ ਠੱਗ ਨੇ ਆਪਣੇ ਗਿਰੋਹ ਦੇ ਮੈਂਬਰਾਂ ਦੀ ਮਦਦ ਨਾਲ ਕਸਟਮ ਤੋਂ ਪਾਰਸਲ ਅਤੇ ਗਿਫਟ ਛੁਡਾਉਣ ਦਾ ਝਾਂਸਾ ਦੇ ਕੇ 10 ਲੱਖ ਰੁਪਏ ਠੱਗ ਲਏ।
ਪੀੜਤਾ ਸਮਰਾਲਾ ਚੌਕ ਦੀ ਰਹਿਣ ਵਾਲੀ ਹੈ। ਪੁਲਿਸ ਕਮਿਸ਼ਨਰ ਨੂੰ ਦਿੱਤੀ ਸ਼ਿਕਾਇਤ ‘ਚ ਉਸ ਨੇ ਦੱਸਿਆ ਕਿ ਉਸ ਦੇ ਪਤੀ ਦੀ ਮੌਤ ਹੋ ਚੁੱਕੀ ਹੈ। ਉਹ ਆਪਣੇ 18 ਸਾਲਾ ਬੇਟੇ ਨਾਲ ਰਹਿੰਦੀ ਹੈ ਅਤੇ ਇਕ ਪ੍ਰਾਈਵੇਟ ਕੰਪਨੀ ‘ਚ ਨੌਕਰੀ ਕਰਦੀ ਹੈ।
ਜੂਨ ਦੇ ਪਹਿਲੇ ਹਫਤੇ ਉਸ ਨੂੰ ਇੰਸਟਾਗ੍ਰਾਮ ‘ਤੇ ਮੈਸੇਜ ਆਇਆ। ਪਹਿਲਾਂ ਤਾਂ ਉਸ ਨੇ ਨਜ਼ਰਅੰਦਾਜ਼ ਕਰ ਦਿੱਤਾ ਪਰ ਉਹ ਲਗਾਤਾਰ ਮੈਸੇਜ ਭੇਜਦਾ ਰਿਹਾ। ਉਸ ਤੋਂ ਬਾਅਦ ਉਨ੍ਹਾਂ ਦੋਵਾਂ ‘ਚ ਚੈਟਿੰਗ ਸ਼ੁਰੂ ਹੋ ਗਈ।
ਇਕ ਹਫਤੇ ਬਾਅਦ ਉਨ੍ਹਾਂ ਵਟਸਐਪ ਨੰਬਰ ਸ਼ੇਅਰ ਕਰ ਲਏ। ਫੋਨ ‘ਤੇ ਗੱਲਬਾਤ ਹੋਣ ਲੱਗੀ। ਠੱਗ ਨੇ ਆਪਣੀ ਉਮਰ 34 ਸਾਲ ਤੇ ਨਾਂ ਏਰਿਕ ਜੇ ਮੋਯਾ ਦੱਸਿਆ ਸੀ। ਉਹ ਇੰਗਲੈਂਡ ਦੇ ਗਲਾਸਗੋ ‘ਚ ਰਹਿੰਦਾ ਹੈ।
ਗੱਲਬਾਤ ਦੌਰਾਨ ਉਸ ਨੇ ਵਿਆਹ ਦਾ ਪ੍ਰਸਤਾਵ ਰੱਖ ਦਿੱਤਾ ਤੇ ਦੱਸਿਆ ਕਿ ਉਹ ਜਲਦ ਹੀ ਭਾਰਤ ਆਏਗਾ।
ਰੁਪਏ ਨਾ ਦੇਣ ‘ਤੇ ਕੇਸ ਦਰਜ ਕਰਵਾਉਣ ਦੀ ਦਿੱਤੀ ਧਮਕੀ
ਜੂਨ ਦੇ ਚੌਥੇ ਹਫਤੇ ਏਰਿਕ ਨੇ ਦੱਸਿਆ ਕਿ ਉਸ ਨੂੰ ਇਕ ਪਾਰਸਲ ਭੇਜਿਆ ਹੈ। ਉਸ ਵਿਚ ਉਸ ਲਈ ਬਹੁਤ ਸਾਰੇ ਗਿਫਟ ਤੇ 25 ਹਜ਼ਾਰ ਪੌਂਡ ਹਨ। 1 ਜੁਲਾਈ ਨੂੰ ਉਸ ਨੂੰ ਇਕ ਔਰਤ ਦਾ ਫੋਨ ਆਇਆ, ਜਿਸ ਨੇ ਖੁਦ ਨੂੰ ਕਸਟਮ ਅਧਿਕਾਰੀ ਦੱਸਿਆ ਤੇ ਕਿਹਾ ਕਿ ਉਸ ਦੇ ਨਾਂ ਦਾ ਪਾਰਸਲ ਆਇਆ ਹੈ।
ਪਾਰਸਲ ਨੂੰ ਛੁਡਵਾਉਣ ਦੇ 30 ਹਜ਼ਾਰ ਰੁਪਏ ਕਸਟਮ ਡਿਊਟੀ ਦੇਣੀ ਪੈਣੀ ਹੈ। ਖਾਤੇ ‘ਚ ਰੁਪਏ ਪਾਉਣ ਤੋਂ ਬਾਅਦ ਉਸ ਔਰਤ ਨੇ 86 ਹਜ਼ਾਰ ਹੋਰ ਜਮ੍ਹਾ ਕਰਵਾਉਣ ਨੂੰ ਕਿਹਾ ਪਰ ਉਸ ਨੇ ਪੈਸੇ ਜਮ੍ਹਾ ਕਰਵਾਉਣ ਤੋਂ ਮਨ੍ਹਾ ਕਰ ਦਿੱਤਾ।
ਮਹਿਲਾ ਠੱਗ ਨੇ ਉਸ ਨੂੰ ਮਨੀ ਲਾਂਡਰਿੰਗ ਦਾ ਕੇਸ ਦਰਜ ਕਰਵਾਉਣ ਦੀ ਧਮਕੀ ਦਿੱਤੀ। ਇਸ ਤਰ੍ਹਾਂ ਮਹਿਲਾ ਠੱਗ ਨੇ ਆਪਣੇ ਸਾਥੀ ਨਾਲ ਮਿਲ ਕੇ ਉਸ ਤੋਂ 10 ਲੱਖ ਰੁਪਏ ਠੱਗ ਲਏ। ਆਖਰੀ ਵਾਰ ਉਸ ਨੇ 12 ਜੁਲਾਈ ਨੂੰ 68,497 ਰੁਪਏ ਜਮ੍ਹਾ ਕਰਵਾਏ।
ਮਾਮਲੇ ਦੀ ਜਾਂਚ ਸਾਈਬਰ ਸੈੱਲ ਦੀ ਟੀਮ ਨੂੰ ਸੌਂਪੀ ਗਈ ਹੈ।
Facebook friend ਨੇ ਬਲੈਕਮੇਲ ਕਰਕੇ ਮੰਗੇ 5 ਲੱਖ
ਸ੍ਰੀ ਮੁਕਤਸਰ ਸਾਹਿਬ | ਮੁਕਤਸਰ ਦੇ ਇਕ ਨੌਜਵਾਨ ਦੀ ਫੇਸਬੁੱਕ ‘ਤੇ ਉੱਤਰ ਪ੍ਰਦੇਸ਼ ਦੀ ਔਰਤ ਨਾਲ ਦੋਸਤੀ ਹੋ ਗਈ। ਔਰਤ ਨੇ ਨੌਜਵਾਨ ਨੂੰ ਪ੍ਰੇਮਜਾਲ ‘ਚ ਫਸਾ ਕੇ ਉਸ ਦੀਆਂ ਨਿੱਜੀ ਗੱਲਾਂ ਜਾਣ ਕੇ ਉਸ ਨੂੰ ਬਲੈਕਮੇਲ ਕਰਨਾ ਸ਼ੁਰੂ ਕਰ ਦਿੱਤਾ।
ਨੌਜਵਾਨ ਤੋਂ 15 ਹਜ਼ਾਰ ਠੱਗਣ ਤੋਂ ਬਾਅਦ ਜਦੋਂ ਉਸ ਨੇ 5 ਲੱਖ ਰੁਪਏ ਮੰਗੇ ਤਾਂ ਨੌਜਵਾਨ ਨੇ ਪੁਲਿਸ ਨੂੰ ਸ਼ਿਕਾਇਤ ਦਿੱਤੀ।
ਜਾਂਚ ਦੌਰਾਨ ਪਤਾ ਲੱਗਾ ਕਿ 2 ਬੱਚਿਆਂ ਦੀ ਮਾਂ ਉਕਤ ਔਰਤ ਨਿਰਮਲਾ ਪੁੱਤਰੀ ਚੰਦਰ ਪ੍ਰਕਾਸ਼ ਸ਼ਰਮਾ ਵਾਸੀ ਰਜਨੀ ਵਿਹਾਰ ਕਾਲੋਨੀ ਉੱਤਰ ਪ੍ਰਦੇਸ਼ ਦੀ ਰਹਿਣ ਵਾਲੀ ਹੈ। ਇਸ ਤੋਂ ਪਹਿਲਾਂ ਵੀ ਉਹ ਕਈ ਲੋਕਾਂ ਨੂੰ ਬਲੈਕਮੇਲ ਕਰ ਚੁੱਕੀ ਹੈ।