ਨਵੀਂ ਦਿੱਲੀ, 27 ਦਸੰਬਰ| ਭਾਰਤ ਆਟਾ ਤੇ ਭਾਰਤ ਦਾਲ ਤੋਂ ਬਾਅਦ ਹੁਣ ਸਰਕਾਰ ਨੇ ਭਾਰਤ ਰਾਈਸ ਪੇਸ਼ ਕੀਤੇ ਹਨ। ਆਮ ਆਦਮੀ ‘ਤੇ ਮਹਿੰਗਾਈ ਦਾ ਪਰਛਾਵਾਂ ਨਾ ਪਏੇ, ਇਸ ਲਈ ਸਰਕਾਰ ਨੇ ਪੂਰੀ ਤਿਆਰੀ ਕਰ ਲਈ ਹੈ। ਬਾਜ਼ਾਰ ਵਿੱਚ ਕਿੰਨੀ ਵੀ ਮਹਿੰਗਾਈ ਕਿਉਂ ਨਾ ਛਾਈ ਹੋਵੇ, ਪਰ ਆਮ ਆਦਮੀ ਦੀ ਥਾਲੀ ਸਸਤੀ ਰੱਖਣ ਲਈ ਹਰ ਚੀਜ਼ ਨੂੰ ਡਿਸਕਾਊਂਟ ਰੇਟ ‘ਤੇ ਵੇਚਿਆ ਜਾ ਰਿਹਾ ਹੈ।
ਮਾਮਲੇ ਨਾਲ ਜੁੜੇ ਇਕ ਸੀਨੀਅਰ ਅਧਿਕਾਰੀ ਨੇ ਦੱਸਿਆ ਕਿ ਭਾਰਤ ਚੌਲ 25 ਰੁਪਏ ਪ੍ਰਤੀ ਕਿਲੋ ਦੇ ਹਿਸਾਬ ਨਾਲ ਵੇਚਿਆ ਜਾਵੇਗਾ। ਇਹ ਚੌਲ ਸਰਕਾਰੀ ਏਜੰਸੀਆਂ ਰਾਹੀਂ ਆਮ ਆਦਮੀ ਤੱਕ ਪਹੁੰਚਾਏ ਜਾਣਗੇ। ਇਸ ਦੇ ਲਈ ਨੈਸ਼ਨਲ ਐਗਰੀਕਲਚਰਲ ਕੋਆਪਰੇਟਿਵ ਮਾਰਕੀਟਿੰਗ ਫੈਡਰੇਸ਼ਨ ਆਫ ਇੰਡੀਆ (ਨੈਫੇਡ), ਨੈਸ਼ਨਲ ਕੋਆਪਰੇਟਿਵ ਕੰਜ਼ਿਊਮਰ ਫੈਡਰੇਸ਼ਨ ਆਫ ਇੰਡੀਆ ਲਿਮਟਿਡ (ਐਨ.ਸੀ.ਸੀ.ਐਫ.), ਕੇਂਦਰੀ ਭੰਡਾਰ ਦੀਆਂ ਦੁਕਾਨਾਂ ਅਤੇ ਮੋਬਾਈਲ ਵੈਨਾਂ ਰਾਹੀਂ ਵੇਚਣ ਦੀ ਤਿਆਰੀ ਕੀਤੀ ਜਾ ਰਹੀ ਹੈ।
ਖਪਤਕਾਰ ਮੰਤਰਾਲੇ ਦੇ ਅੰਕੜਿਆਂ ਮੁਤਾਬਕ ਚੌਲਾਂ ਦੀਆਂ ਵਧਦੀਆਂ ਕੀਮਤਾਂ ‘ਤੇ ਕਾਬੂ ਪਾਉਣ ਲਈ ਭਾਰਤ ਚੌਲ ਵੇਚਣ ਦੀ ਲੋੜ ਹੈ। ਮੰਤਰਾਲੇ ਦਾ ਕਹਿਣਾ ਹੈ ਕਿ ਪਿਛਲੇ ਸਾਲ ਦੇ ਮੁਕਾਬਲੇ ਇਸ ਸਾਲ ਚੌਲਾਂ ਦੀ ਮਹਿੰਗਾਈ 14.1 ਫੀਸਦੀ ਵਧੀ ਹੈ ਅਤੇ ਇਸ ਦੀ ਕੀਮਤ 43.3 ਰੁਪਏ ਪ੍ਰਤੀ ਕਿਲੋ ਤੱਕ ਪਹੁੰਚ ਗਈ ਹੈ। ਅਧਿਕਾਰੀ ਦਾ ਕਹਿਣਾ ਹੈ ਕਿ ਸਾਡੀ ਕੋਸ਼ਿਸ਼ ਹਮੇਸ਼ਾ ਹੀ ਰਹੀ ਹੈ ਕਿ ਪਹਿਲਾਂ ਕੀਮਤਾਂ ਅਤੇ ਫਿਰ ਮਹਿੰਗਾਈ ਨੂੰ ਕੰਟਰੋਲ ਕੀਤਾ ਜਾਵੇ।
ਇਸ ਵੇਲੇ ਕੇਂਦਰ ਸਰਕਾਰ ਆਟਾ ਅਤੇ ਛੋਲਿਆਂ ਦੀ ਦਾਲ ਵੀ ਸਸਤੇ ਭਾਅ ‘ਤੇ ਵੇਚ ਰਹੀ ਹੈ। ਸਰਕਾਰੀ ਏਜੰਸੀਆਂ ਦੇ ਆਉਟਲੈਟਾਂ ‘ਤੇ ਭਾਰਤ ਆਟਾ 27.50 ਰੁਪਏ ਪ੍ਰਤੀ ਕਿਲੋ ਅਤੇ ਭਾਰਤ ਦਾਲ 60 ਰੁਪਏ ਪ੍ਰਤੀ ਕਿਲੋ ਦੇ ਹਿਸਾਬ ਨਾਲ ਵੇਚਿਆ ਜਾ ਰਿਹਾ ਹੈ। ਇਸਦੇ ਲਈ ਦੇਸ਼ ਭਰ ਵਿੱਚ 2,000 ਰਿਟੇਲ ਪੁਆਇੰਟ ਬਣਾਏ ਗਏ ਹਨ। ਇਸੇ ਤਰਜ਼ ‘ਤੇ ਭਾਰਤ ਚੌਲ ਵੀ ਵੇਚੇ ਜਾਣਗੇ।