ਕੋਰੋਨਾ ਤੋਂ ਬਾਅਦ ਹੁਣ ਡੇਂਗੂ ਦਾ ਕਹਿਰ, ਪੰਜਾਬ ‘ਚ ਤੇਜ਼ੀ ਨਾਲ ਵੱਧ ਰਹੇ ਡੇਂਗੂ ਦੇ ਮਰੀਜ਼

0
8368

ਜਲੰਧਰ | ਬਰਸਾਤ ਦਾ ਮੌਸਮ ਖ਼ਤਮ ਹੋਣ ਅਤੇ ਕੋਰੋਨਾ ਦੇ ਸ਼ਾਂਤ ਹੁੰਦੇ ਹੀ ਡੇਂਗੂ ਨੇ ਪੈਰ ਪਸਾਰਨੇ ਸ਼ੁਰੂ ਕਰ ਦਿੱਤੇ ਹਨ। ਸੂਬੇ ‘ਚ ਡੇਂਗੂ ਦੇ ਵਧਦੇ ਮਰੀਜ਼ਾਂ ਦੀ ਗਿਣਤੀ ਕਾਰਨ ਸਿਹਤ ਵਿਭਾਗ ਵੀ ਹਰਕਤ ‘ਚ ਆ ਗਿਆ ਹੈ।

ਡੇਂਗੂ ਦੇ ਵੱਧਦੇ ਮਾਮਲਿਆਂ ਨੂੰ ਉਪ ਮੁੱਖ ਮੰਤਰੀ ਓਪੀ ਸੋਨੀ ਨੇ ਵੀ ਗੰਭੀਰਤਾ ਨਾਲ ਲਿਆ ਹੈ। ਸਿਹਤ ਵਿਭਾਗ ਨੇ ਸੂਬੇ ਨੂੰ 5 ਜ਼ੋਨਾਂ ਵਿੱਚ ਵੰਡਿਆ ਹੈ। ਸੂਬੇ ‘ਚ ਡੇਂਗੂ ਦੇ ਮਰੀਜ਼ਾਂ ਦੀ ਗਿਣਤੀ 6704 ਤੱਕ ਪਹੁੰਚ ਗਈ ਹੈ।

ਸਿਹਤ ਵਿਭਾਗ ਦੀ ਡਾਇਰੈਕਟਰ ਡਾ. ਆਦੇਸ਼ ਕੰਗ ਨੇ ਮਾਮਲੇ ਨੂੰ ਗੰਭੀਰਤਾ ਨਾਲ ਲੈਂਦਿਆਂ 5 ਜ਼ੋਨਾਂ ਵਿੱਚ 5 ਡਿਪਟੀ ਡਾਇਰੈਕਟਰ ਪੱਧਰ ਦੇ ਅਧਿਕਾਰੀ ਕਾਰਜ ਪ੍ਰਣਾਲੀ ’ਤੇ ਨਿਗਰਾਨੀ ਰੱਖਣ ਲਈ ਤਾਇਨਾਤ ਕਰ ਦਿੱਤੇ ਹਨ। ਇਹ ਅਧਿਕਾਰੀ ਸਬੰਧਤ ਜ਼ਿਲ੍ਹਿਆਂ ਵਿੱਚ ਹਫਤੇ ‘ਚ 2 ਵਾਰ ਦੌਰਾ ਕਰਨਗੇ ਤੇ ਡੇਂਗੂ ਤੋਂ ਬਚਾਅ ਨੂੰ ਲੈ ਕੇ ਕੀਤੀ ਗਈ ਕਾਰਵਾਈ ਦੀ ਰਿਪੋਰਟ ਦੇਣਗੇ।

ਡੇਂਗੂ ਦੇ ਟੈਸਟ ਲਈ 600 ਰੁਪਏ ਤੋਂ ਵੱਧ ਨਹੀਂ ਵਸੂਲ ਸਕਣਗੇ ਡਾਕਟਰ

ਡੇਂਗੂ ਦੇ ਮਰੀਜ਼ਾਂ ਦੀ ਗਿਣਤੀ ਵਧਣ ਨਾਲ ਨਿੱਜੀ ਹਸਪਤਾਲਾਂ ਤੇ ਲੈਬਾਰਟਰੀਆਂ ਵੱਲੋਂ ਟੈਸਟ ਲਈ ਮਨਮਰਜ਼ੀ ਦੇ ਰੇਟ ਵਸੂਲਣੇ ਸ਼ੁਰੂ ਕਰ ਦਿੱਤੇ ਗਏ ਹਨ। ਇਸ ਕਾਲਾਬਾਜ਼ਾਰੀ ਨੂੰ ਰੋਕਣ ਲਈ ਸਿਹਤ ਵਿਭਾਗ ਦੇ ਸਕੱਤਰ ਵਿਕਾਸ ਗਰਗ ਨੇ ਡੈਂਗੂ ਟੈਸਟ ਲਈ ਵੱਧ ਤੋਂ ਵੱਧ 600 ਰੁਪਏ ਨਿਰਧਾਰਤ ਕੀਤੇ ਹਨ।

ਉਨ੍ਹਾਂ ਇਸ ਸਬੰਧੀ ਸਾਰੇ ਜ਼ਿਲ੍ਹਿਆਂ ਦੇ ਸਿਵਲ ਸਰਜਨਾਂ ਨੂੰ ਆਦੇਸ਼ ਜਾਰੀ ਕਰ ਦਿੱਤੇ ਹਨ ਤੇ ਨਿੱਜੀ ਹਸਪਤਾਲਾਂ ਤੇ ਲੈਬਾਰਟਰੀਆਂ ਨੂੰ ਵੀ ਹਦਾਇਤਾਂ ਜਾਰੀ ਕਰਨ ਦੀ ਗੱਲ ਕਹੀ ਹੈ।