ਚੰਡੀਗੜ੍ਹ | ਪੰਜਾਬ ਦੇ ਨਵੇਂ ਕੈਬਨਿਟ ਮੰਤਰੀਆਂ ਦੇ ਐਲਾਨ ਤੋਂ ਕੁਝ ਘੰਟੇ ਬਾਅਦ ਹੀ ਪੁਰਾਣੇ ਮੰਤਰੀਆਂ ਨੇ ਸਰਕਾਰੀ ਕੋਠੀਆਂ ਖਾਲੀ ਕਰਨੀਆਂ ਸ਼ੁਰੂ ਕਰ ਦਿੱਤੀਆਂ ਹਨ। ਪੰਜਾਬ ਮੰਤਰੀ ਮੰਡਲ ਦੀ ਲਿਸਟ ‘ਚੋਂ ਨਾਂ ਬਾਹਰ ਹੋਣ ਤੋਂ ਬਾਅਦ ਸੁੰਦਰ ਸ਼ਾਮ ਅਰੋੜਾ ਨੇ ਸੈਕਟਰ-39 ਵਿੱਚ ਮਿਲੀ ਸਰਕਾਰੀ ਕੋਠੀ ਨੂੰ ਖਾਲੀ ਕਰਨਾ ਸ਼ੁਰੂ ਕਰ ਦਿੱਤਾ ਹੈ।
ਜਾਣਕਾਰੀ ਅਨੁਸਾਰ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਵੱਲੋਂ ਬਣਾਏ ਗਏ ਨਵੇਂ ਮੰਤਰੀ ਮੰਡਲ ਵਿੱਚ ਸੁੰਦਰ ਸ਼ਾਮ ਅਰੋੜਾ ਨੂੰ ਥਾਂ ਨਹੀਂ ਮਿਲੀ, ਜਿਸ ਤੋਂ ਬਾਅਦ ਅਰੋੜਾ ਨੇ ਕੋਠੀ ਖਾਲੀ ਕਰਨੀ ਸ਼ੁਰੂ ਕਰ ਦਿੱਤੀ ਹੈ। ਘਰ ‘ਚੋਂ ਟਰੱਕ ਵਿੱਚ ਸਮਾਨ ਲੱਦਿਆ ਜਾ ਰਿਹਾ ਹੈ। ਦੱਸਿਆ ਜਾ ਰਿਹਾ ਹੈ ਕਿ ਸੁੰਦਰ ਸ਼ਾਮ ਅਰੋੜਾ ਨੂੰ 957 ਨੰਬਰ ਸਰਕਾਰੀ ਕੋਠੀ ਮਿਲੀ ਸੀ।
ਪੰਜਾਬ ਮੰਤਰੀ ਮੰਡਲ ਦੀ ਨਵੀਂ ਟੀਮ ਐਤਵਾਰ ਸ਼ਾਮ ਸਾਢੇ 4 ਵਜੇ ਸਹੁੰ ਚੁੱਕੇਗੀ। ਮੁੱਖ ਮੰਤਰੀ ਚੰਨੀ ਨੇ ਦੱਸਿਆ ਕਿ ਉਨ੍ਹਾਂ ਨੇ ਆਪਣੇ ਮੰਤਰੀ ਮੰਡਲ ਵਿੱਚ ਸ਼ਾਮਿਲ ਹੋਣ ਵਾਲੇ ਆਗੂਆਂ ਦੀ ਸੂਚੀ ਰਾਜਪਾਲ ਨੂੰ ਸੌਂਪ ਦਿੱਤੀ ਹੈ ਅਤੇ ਰਾਜਪਾਲ ਨੇ ਐਤਵਾਰ ਸਾਢੇ 4 ਵਜੇ ਦਾ ਸਮਾਂ ਦਿੱਤਾ ਹੈ। ਇਸ ਦੇ ਨਾਲ ਹੀ ਕੱਲ੍ਹ ਸ਼ਾਮ ਤੋਂ ਬਾਅਦ ਮੰਤਰੀ ਮੰਡਲ ਦੀ ਤਸਵੀਰ ਵੀ ਪੂਰੀ ਤਰ੍ਹਾਂ ਸਾਫ ਹੋ ਜਾਵੇਗਾ।