ਪਟਿਆਲਾ | ਇਥੋਂ ਇਕ ਮੰਦਭਾਗੀ ਖਬਰ ਸਾਹਮਣੇ ਆਈ ਹੈ। ਨਾਭਾ ਵਿਚ ਰੂਹ ਕੰਬਾਊ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਜਿਥੇ ਪਤੀ ਨੇ ਮਾਮੂਲੀ ਝਗੜੇ ਕਾਰਨ ਪਤਨੀ ਦਾ ਕਤਲ ਕਰ ਦਿੱਤਾ ਤੇ 2 ਦਿਨਾਂ ਤੱਕ ਲਾਸ਼ ਨੂੰ ਕਮਰੇ ਵਿਚ ਬੰਦ ਕਰਕੇ ਖੁਦ ਦਿੱਲੀ ਚਲਾ ਗਿਆ।
ਮ੍ਰਿਤਕਾ ਦੀ ਪਛਾਣ ਜਸਵਿੰਦਰ ਕੌਰ ਵਾਸੀ ਗੋਵਿੰਦ ਨਗਰ ਨਾਭਾ ਵਜੋਂ ਹੋਈ ਹੈ। ਜਾਣਕਾਰੀ ਮੁਤਾਬਕ ਜਸਵਿੰਦਰ ਕੌਰ ਦਾ ਅਜੇ 4 ਮਹੀਨੇ ਪਹਿਲਾਂ ਹੀ ਵਿਆਹ ਹੋਇਆ ਸੀ। ਉਸ ਦਾ ਪਤੀ ਅਮਨਦੀਪ ਸਿੰਘ ਡਰਾਈਵਰ ਸੀ। 13 ਜੂਨ ਨੂੰ ਦੋਵਾਂ ਵਿਚ ਕਿਸੇ ਗੱਲ ਨੂੰ ਲੈ ਕੇ ਬਹਿਸ ਹੋਈ ਤੇ ਪਤੀ ਨੇ ਗੁੱਸੇ ਵਿਚ ਆ ਕੇ ਪਤਨੀ ਦੀ ਹੱਤਿਆ ਕਰ ਦਿੱਤੀ।
ਜਸਵਿੰਦਰ ਕੌਰ ਦੇ ਪਰਿਵਾਰਕ ਮੈਂਬਰਾਂ ਵੱਲੋਂ ਆਪਣੀ ਧੀ ਤੇ ਜਵਾਈ ਨਾਲ ਸੰਪਰਕ ਕਰਨ ਦੀ ਕੋਸ਼ਿਸ਼ ਕੀਤੀ ਗਈ ਪਰ ਦੋਵਾਂ ਦਾ ਫੋਨ ਬੰਦ ਆ ਰਿਹਾ ਸੀ। ਉਨ੍ਹਾਂ ਨੇ ਪੁਲਿਸ ਵਿਚ ਦੋਵਾਂ ਦੀ ਗੁੰਮਸ਼ੁਦਗੀ ਦੀ ਰਿਪੋਰਟ ਦਰਜ ਕਰਵਾਈ, ਜਿਸ ਤੋਂ ਬਾਅਦ ਪੁਲਿਸ ਵੱਲੋਂ ਜਾਂਚ ਸ਼ੁਰੂ ਕੀਤੀ ਗਈ। ਘਰ ਵਿਚ ਪਈ ਲਾਸ਼ ਸੜਨੀ ਸ਼ੁਰੂ ਹੋ ਗਈ ਤੇ ਬਦਬੂ ਆਉਣੀ ਸ਼ੁਰੂ ਹੋ ਗਈ। ਜਦੋਂ ਪੁਲਿਸ ਜਾਂਚ ਲਈ ਪਹੁੰਚੀ ਤਾਂ ਉਥੋਂ ਉਨ੍ਹਾਂ ਨੂੰ ਲਾਸ਼ ਸੜਨ ਦੀ ਬਦਬੂ ਆਈ। ਪੁਲਿਸ ਤਾਲਾ ਤੋੜ ਕੇ ਜਦੋਂ ਅੰਦਰ ਪੁੱਜੀ ਤਾਂ ਦੇਖਿਆ ਕਿ ਲਾਸ਼ ਬੈੱਡ ਨੇੜੇ ਪਈ ਸੀ।
ਪੁਲਿਸ ਨੇ ਦੱਸਿਆ ਕਿ ਮੁਲਜ਼ਮ ਅਮਨਦੀਪ ਸਿੰਘ ਨੇ ਗਲਾ ਘੁੱਟ ਕੇ ਪਤਨੀ ਦਾ ਕਤਲ ਕੀਤਾ ਹੈ। ਲਾਸ਼ ਨੂੰ ਕਬਜ਼ੇ ਵਿਚ ਲੈ ਲਿਆ ਗਿਆ ਹੈ ਤੇ ਪਤੀ ਖਿਲਾਫ ਹੱਤਿਆ ਦਾ ਮਾਮਲਾ ਦਰਜ ਕਰ ਲਿਆ ਹੈ। ਪਰਿਵਾਰਕ ਮੈਂਬਰਾਂ ਨੇ ਕਿਹਾ ਕਿ ਉਨ੍ਹਾਂ ਨੂੰ ਯਕੀਨ ਨਹੀਂ ਆ ਰਿਹਾ ਸੀ ਕਿ ਉਨ੍ਹਾਂ ਦੀ ਧੀ ਦੀ ਹੱਤਿਆ ਕੀਤੀ ਗਈ ਹੈ।