ਚੰਡੀਗੜ੍ਹ | ਪੰਜਾਬ ਵਿਚ ਠੰਡ ਵਧਣੀ ਸ਼ੁਰੂ ਹੋ ਗਈ ਹੈ,ਆਉਣ ਵਾਲੇ ਦਿਨਾਂ ਵਿਚ ਸੂਬੇ ਵਿਚ ਠੰਡ ਦਾ ਪ੍ਰਕੋਪ ਹੋਰ ਵਧੇਗਾ। ਮੌਸਮ ਵਿਭਾਗ ਵੱਲੋਂ ਅਗਲੇ ਤਿੰਨ ਦਿਨਾਂ ਤੱਕ ਪੰਜਾਬ ਵਿਚ ਸੀਤ ਲਹਿਰ ਦੇ ਨਾਲ ਸੰਘਣੀ ਧੁੰਦ ਪੈਣ ਦੀ ਭਵਿੱਖਬਾਣੀ ਕੀਤੀ ਗਈ ਹੈ। ਸ਼ਨੀਵਾਰ ਨੂੰ ਪੰਜਾਬ ਦੇ ਘੱਟੋ-ਘੱਟ ਤਾਪਮਾਨ ਵਿਚ 0.3 ਡਿਗਰੀ ਦੀ ਹੋਰ ਗਿਰਾਵਟ ਦਰਜ ਕੀਤੀ ਗਈ ਤੇ ਸੂਬੇ ਵਿਚ ਬਠਿੰਡਾ 3.2 ਡਿਗਰੀ ਸੈਲਸੀਅਸ ਤਾਪਮਾਨ ਨਾਲ ਸਭ ਤੋਂ ਠੰਡਾ ਰਿਹਾ ਜਦੋਂਕਿ ਅੰਮ੍ਰਿਤਸਰ ਵਿਚ 5.0 ਡਿਗਰੀ, ਲੁਧਿਆਣਾ ਵਿਚ 5.2, ਪਟਿਆਲਾ ਵਿਚ 5.8, ਫਰੀਦਕੋਟ ਵਿਚ 4.5, ਗੁਰਦਾਸਪੁਰ ਵਿਚ 4.8 ਤੇ ਜਲੰਧਰ ਵਿਚ 5.6 ਡਿਗਰੀ ਤਾਪਮਾਨ ਦਰਜ ਕੀਤਾ ਗਿਆ ।
ਮੌਸਮ ਵਿਭਾਗ ਅਨੁਸਾਰ 3 ਦਿਨਾਂ ਤੱਕ ਮਾਝਾ, ਦੋਆਬਾ ਤੇ ਮਾਲਵਾ ਖੇਤਰ ਦੇ ਜ਼ਿਲ੍ਹੇ ਸੀਤ ਲਹਿਰ ਦੇ ਨਾਲ ਸੰਘਣੀ ਧੁੰਦ ਦੀ ਲਪੇਟ ਵਿਚ ਰਹਿਣਗੇ ਤੇ ਇਸ ਸਬੰਧੀ ਮੌਸਮ ਵਿਭਾਗ ਦੇ ਡਾਇਰੈਕਟਰ ਨੇ ਦੱਸਿਆ ਕਿ ਸ਼ਨੀਵਾਰ ਨੂੰ ਸੂਬੇ ਦੇ ਦਿਨ ਦੇ ਤਾਪਮਾਨ ਵਿਚ 0.3 ਡਿਗਰੀ ਦੀ ਗਿਰਾਵਟ ਦਰਜ ਕੀਤੀ ਗਈ।
ਜਿਸ ਕਾਰਨ ਲੋਕਾਂ ਨੂੰ ਕੜਾਕੇ ਦੀ ਠੰਡ ਮਹਿਸੂਸ ਹੋਵੇਗੀ, ਮੌਸਮ ਵਿਭਾਗ ਅਨੁਸਾਰ ਆਉਣ ਵਾਲੇ ਦਿਨਾਂ ਵਿਚ ਦਿਨ ਅਤੇ ਰਾਤ ਦੇ ਤਾਪਮਾਨ ਵਿਚ ਗਿਰਾਵਟ ਆਵੇਗੀ। ਦਿਨ ਦਾ ਤਾਪਮਾਨ 22 ਡਿਗਰੀ ਸੈਲਸੀਅਸ ਅਤੇ ਰਾਤ ਦਾ 5 ਡਿਗਰੀ ਸੈਲਸੀਅਸ ਤੱਕ ਪਹੁੰਚਣ ਦੀ ਸੰਭਾਵਨਾ ਹੈ।