ਮੂਸੇਵਾਲਾ ਕਤਲ ਕੇਸ ਨੂੰ ਲੈ ਕੇ ਅਫਸਾਨਾ ਖਾਨ ਤੋਂ 5 ਘੰਟੇ ਹੋਈ ਪੁੱਛਗਿੱਛ, ਬੰਬੀਹਾ ਗਰੁੱਪ ਬਾਰੇ ਕੀਤੇ ਸਵਾਲ-ਜਵਾਬ

0
525

ਪੰਜਾਬੀ ਗਾਇਕਾ ਅਫਸਾਨਾ ਖ਼ਾਨ ਵਿਵਾਦਾਂ ’ਚ ਘਿਰ ਗਈ ਹੈ। ਬੀਤੇ ਦਿਨੀਂ ਸਿੱਧੂ ਮੂਸੇਵਾਲਾ ਕਤਲ ਕਾਂਡ ਨੂੰ ਲੈ ਕੇ ਕੇਂਦਰੀ ਜਾਂਚ ਏਜੰਸੀ (ਐੱਨ. ਆਈ. ਏ.) ਨੇ ਅਫਸਾਨਾ ਖ਼ਾਨ ਕੋਲੋਂ ਲਗਭਗ 5 ਘੰਟਿਆਂ ਤਕ ਪੁੱਛਗਿੱਛ ਕੀਤੀ। ਦੱਸਿਆ ਜਾ ਰਿਹਾ ਹੈ ਕਿ ਅਫਸਾਨਾ ਖ਼ਾਨ ਤੋਂ ਅੱਜ ਵੀ ਐੱਨ. ਆਈ. ਏ. ਪੁੱਛਗਿੱਛ ਕਰ ਸਕਦੀ ਹੈ।

ਦੱਸ ਦੇਈਏ ਕਿ ਅਫਸਾਨਾ ਖ਼ਾਨ ਸਿੱਧੂ ਮੂਸੇਵਾਲਾ ਦੀ ਮੂੰਹ ਬੋਲੀ ਭੈਣ ਹੈ। ਐੱਨ. ਆਈ. ਏ. ਨੇ ਅਫਸਾਨਾ ਖ਼ਾਨ ਕੋਲੋਂ ਬੰਬੀਹਾ ਗਰੁੱਪ ਨੂੰ ਲੈ ਕੇ ਸਵਾਲ-ਜਵਾਬ ਕੀਤੇ ਸਨ। ਸੂਤਰਾਂ ਤੋਂ ਪਤਾ ਲੱਗਾ ਹੈ ਕਿ ਅਫਸਾਨਾ ਖ਼ਾਨ ਨੇ ਕਈ ਸਵਾਲਾਂ ਦੇ ਜਵਾਬ ਨਹੀਂ ਦਿੱਤੇ।

ਉਥੇ ਇੰਸਟਾਗ੍ਰਾਮ ’ਤੇ ਅਫਸਾਨਾ ਖ਼ਾਨ ਨੇ ਇਕ ਪੋਸਟ ਸਾਂਝੀ ਕਰਕੇ ਸਭ ਨੂੰ ਹੈਰਾਨ ਕਰ ਦਿੱਤਾ ਹੈ। ਐੱਨ. ਆਈ. ਏ. ਦੇ ਘੇਰੇ ’ਚ ਫਸੀ ਅਫਸਾਨਾ ਖ਼ਾਨ ਨੇ ਇੰਸਟਾਗ੍ਰਾਮ ਸਟੋਰੀ ’ਚ ਲਿਖਿਆ ਕਿ ਉਹ ਅੱਜ ਯਾਨੀ 26 ਅਕਤੂਬਰ ਨੂੰ ਲਾਈਵ ਹੋ ਕੇ ਕੁਝ ਖ਼ਾਸ ਗੱਲਾਂ ਕਰੇਗੀ। ਨਾਲ ਹੀ ਉਸ ਨੇ ਜਸਟਿਸ ਫਾਰ ਸਿੱਧੂ ਮੂਸੇਵਾਲਾ ਵੀ ਲਿਖਿਆ ਹੈ। ਇਸ ਤੋਂ ਸਾਫ ਹੈ ਕਿ ਸਿੱਧੂ ਮੂਸੇਵਾਲਾ ਨੂੰ ਲੈ ਕੇ ਅਫਸਾਨਾ ਖ਼ਾਨ ਕੁਝ ਅਹਿਮ ਖ਼ੁਲਾਸੇ ਕਰ ਸਕਦੀ ਹੈ।