ਜਲੰਧਰ – ਪ੍ਰਸਾਸ਼ਨ ਨੇ ਆਧੁਨਿਕ ਸਾਜੋ-ਸਮਾਨ ਨਾਲ ਲੈਸ ਐਂਬੂਲੈਂਸ ਕੀਤੀ ਤਿਆਰ

0
602

ਸ਼ਹਿਰ ਦੇ ਲੋਕਾਂ ਦੀਆਂ ਕੀਮਤੀ ਜਾਨਾਂ ਬਚਾਉਣ ਲਈ ਸਹਾਈ ਸਾਬਿਤ ਹੋਵੇਗੀ ਵੱਖ-ਵੱਖ ਸਹੂਲਤਾਂ ਨਾਲ ਲੈਸ ਐਂਬੂਲੈਂਸ : ਡੀਸੀ

ਜਲੰਧਰ . ਜ਼ਿਲਾ ਪ੍ਰਸਾਸ਼ਨ ਜਲੰਧਰ ਵਲੋਂ ਆਧੁਨਿਕ ਸਾਜੋ-ਸਮਾਨ ਨਾਲ ਲੈਸ ਐਂਬੂਲੈਂਸ ਤਿਆਰ ਕੀਤੀ ਗਈ ਹੈ, ਜੋ ਮਨੁੱਖੀ ਕੀਮਤੀ ਜਾਨਾਂ ਬਚਾਉਣ ਲਈ ਸਹਾਈ ਸਾਬਿਤ ਹੋਵੇਗੀ। ਇਸ ਸਬੰਧੀ ਜਾਣਕਾਰੀ ਦਿੰਦਿਆਂ ਡੀਸੀ ਘਨਸ਼ਿਆਮ ਥੋਰੀ ਨੇ ਦੱਸਿਆ ਕਿ ਪੰਜਾਬ ਸਰਕਾਰ ਵਲੋਂ ਸ਼ੁਰੂ ਕੀਤੇ ਗਏ ਮਿਸ਼ਨ ਫਤਿਹ ਤਹਿਤ ਕੋਵਿਡ-19 ਦੇ ਮੱਦੇਨਜ਼ਰ ਕੀਮਤੀ ਜਾਨਾਂ ਬਚਾਉਣ ਲਈ ਜ਼ਿਲਾ ਪ੍ਰਸਾਸ਼ਨ ਵਲੋਂ ਜੀਅ ਤੋੜ ਯਤਨ ਕੀਤੇ ਜਾ ਰਹੇ ਹਨ ਅਤੇ ਇਨਾਂ ਯਤਨਾਂ ਸਦਕਾ ਐਂਬੂਲੈਂਸ ਤਿਆਰ ਕੀਤੀ ਗਈ ਹੈ, ਜਿਸ ਵਿੱਚ ਗੰਭੀਰ ਹਾਲਤ ਵਾਲੇ ਮਰੀਜ਼ਾਂ ਨੂੰ ਫੌਰੀ ਰਾਹਤ ਪ੍ਰਦਾਨ ਕੀਤੀ ਜਾਵੇਗੀ।

ਉਨਾਂ ਦੱਸਿਆ ਕਿ ਐਂਬੂਲੈਂਸ ਵਿੱਚ ਪੋਰਟੇਬਲ ਵੈਂਟੀਲੇਟਰ, ਮੋਨੀਟਰ ਸਮੇਤ ਡੈਫਿਬਰੀਲੇਟਰ, ਪੰਪ ਇਨਫਿਊਜ਼ਨ ਸਿਸਟਮ ਅਤੇ ਸਕਸ਼ਨ ਮਸ਼ੀਨ ਉਪਲੱਬਧ ਹੈ। ਉਨਾਂ ਕਿਹਾ ਕਿ ਗੰਭੀਰ ਹਾਲਤ ਵਾਲੇ ਮਰੀਜ਼ਾਂ ਨੂੰ ਤੁਰੰਤ ਉਕਤ ਸਹਾਇਤਾ ਦੀ ਲੋੜ ਪੈਂਦੀ ਹੈ ਅਤੇ ਇਸ ਸਹੂਲਤ ਨਾਲ ਕੀਮਤੀ ਜਾਨ ਬਚਾਈ ਜਾ ਸਕਦੀ ਹੈ। 

ਉਨ੍ਹਾਂ ਨੇ ਦੱਸਿਆ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਜਿੱਥੇ ਸੂਬੇ ਵਿੱਚ ਕੋਰੋਨਾ ਵਾਇਰਸ ਨੂੰ ਫੈਲਣ ਤੋਂ ਰੋਕਣ ਲਈ ਵਚਨਬੱਧ ਹੈ, ਉਥੇ ਪੰਜਾਬ ਵਾਸੀਆਂ ਦੀ ਸੁਰੱਖਿਆ ਯਕੀਨੀ ਬਣਾਉਣ ਲਈ ਮਿਸ਼ਨ ਫਤਿਹ ਦੀ ਸ਼ੁਰੂਆਤ ਵੀ ਕੀਤੀ ਗਈ ਹੈ, ਜਿਸ ਤਹਿਤ ਜਨਤਾ ਨੂੰ ਕੋਰੋਨਾ ਤੋਂ ਬਚਾਅ ਲਈ ਸਾਵਧਾਨੀਆਂ ਵਰਤਣ ਲਈ ਜਾਗਰੂਕ ਕੀਤਾ ਜਾ ਰਿਹਾ ਹੈ। ਉਨਾਂ ਅਪੀਲ ਕਰਦਿਆਂ ਕਿਹਾ ਕਿ ਕੋਵਿਡ-19 ਦੇ ਇਸ ਨਾਜ਼ੁਕ ਦੌਰ ਵਿੱਚ ਜ਼ਿਲਾ ਵਾਸੀਆਂ ਨੂੰ ਖੁਦ ਜਾਗਰੂਕ ਹੋਕੇ ਦੂਸਰਿਆਂ ਨੂੰ ਵੀ ਜਾਗਰੂਕ ਕਰਨਾ ਚਾਹੀਦਾ ਹੈ, ਤਾਂ ਜੋ ਕੋਰੋਨਾ ਤੋਂ ਬਚਿਆ ਜਾ ਸਕੇ। ਉਨਾਂ ਕਿਹਾ ਕਿ ਇਕ ਜ਼ਿੰਮੇਵਾਰ ਨਾਗਰਿਕ ਦੀ ਤਰਾਂ ਹੀ ਘਰੋਂ ਬਾਹਰ ਨਿਕਲਣਾ ਚਾਹੀਦਾ ਹੈ ਅਤੇ ਘਰੋਂ ਬਾਹਰ ਜਾਣ ਸਮੇਂ ਮਾਸਕ ਦੀ ਵਰਤੋਂ ਕਰਨਾ ਬਹੁਤ ਜ਼ਰੂਰੀ ਹੈ। ਇਸ ਤੋਂ ਇਲਾਵਾ ਸਮਾਜਿਕ ਦੂਰੀ ਬਰਕਰਾਰ ਰੱਖਦਿਆਂ ਸਮੇਂ-ਸਮੇਂ ਤੇ 20 ਸੈਕਿੰਡ ਤੱਕ ਹੱਥ ਧੋਣੇ ਚਾਹੀਦੇ ਹਨ।

ਡੀਸੀ ਨੇ ਕਿਹਾ ਕਿ ਭਾਵੇਂ ਜ਼ਿਲੇ ਵਿੱਚ ਕੋਰੋਨਾ ਦੇ ਕੇਸ ਆ ਰਹੇ ਹਨ, ਪਰ ਮੌਤ ਦਰ ਕਾਫੀ ਘੱਟ ਹੈ ਅਤੇ ਇਸ ਦਰ ਨੂੰ ਹੋਰ ਘਟਾਉਣ ਲਈ ਜ਼ਿਲਾ ਪ੍ਰਸਾਸ਼ਨ ਵਲੋਂ ਗੰਭੀਰਤਾ ਨਾਲ ਕੰਮ ਕੀਤਾ ਜਾ ਰਿਹਾ ਹੈ। ਉਨਾਂ ਕਿਹਾ ਕਿ ਸਰਕਾਰੀ ਸਿਹਤ ਕੇਂਦਰਾਂ ਤੋਂ ਇਲਾਵਾ ਪ੍ਰਾਈਵੇਟ ਹਸਪਤਾਲਾਂ ਵਲੋਂ ਵੀ ਕੋਰੋਨਾ ਪੋਜ਼ੀਟਿਵ ਮਰੀਜ਼ਾਂ ਦਾ ਇਲਾਜ ਸ਼ੁਰੂ ਕਰ ਦਿੱਤਾ ਗਿਆ ਹੈ। ਉਨਾਂ ਕਿਹਾ ਕਿ ਸੈਂਪਲ ਲੈਣ ਤੋਂ ਲੈਕੇ ਮਰੀਜ਼ਾਂ ਦੇ ਇਲਾਜ ਤੱਕ ਪ੍ਰਸਾਸ਼ਨ ਵਲੋਂ ਨਜ਼ਰਸਾਨੀ ਰੱਖੀ ਜਾ ਰਹੀ ਹੈ, ਤਾਂ ਜੋ ਮਰੀਜ਼ਾਂ ਨੂੰ ਇਲਾਜ ਦੌਰਾਨ ਕਿਸੇ ਕਿਸਮ ਦੀ ਦਿੱਕਤ ਦਾ ਸਾਹਮਣਾ ਨਾ ਕਰਨਾ ਪਵੇ।