ਜਲੰਧਰ। ਜਲੰਧਰ ਵਿਚ ਲੋਕ ਸਭਾ ਉਪ ਚੋਣ ਨੂੰ ਲੈ ਕੇ ਸਿਆਸੀ ਦਲਾਂ ਵਿਚਾਲੇ ਘਮਾਸਾਣ ਤੇਜ਼ ਹੁੰਦਾ ਜਾ ਰਿਹਾ ਹੈ। ਐਸਸੀ ਲਈ ਰਾਖਵੀਂ ਇਸ ਸੀਟ ਲਈ ਸਾਰੇ ਸਿਆਸੀ ਦਲਾਂ ਨੇ ਆਪਣੇ-ਆਪਣੇ ਪੱਧਰ ਉਤੇ ਜਿੱਤਣ ਵਾਲੇ ਉਮੀਦਵਾਰਾਂ ਦੀ ਭਾਲ ਸ਼ੁਰੂ ਕਰ ਦਿੱਤੀ ਹੈ। ਮੁੱਖ ਮੰਤਰੀ ਮਾਨ ਨੇ ਵੀ ਇਕ ਹਫਤੇ ਤੋਂ 3 ਦੌਰੇ ਕਰਕੇ ਆਪਣੀ ਸਰਗਰਮੀ ਵਧਾ ਦਿੱਤੀ ਹੈ। ਅਕਾਲੀ ਦਲ ਦੇ ਪ੍ਰਧਾਨ ਨੇ ਵੀ ਕਈ ਦਿਨਾਂ ਤੋਂ ਜਲੰਧਰ ਡੇਰਾ ਲਾਇਆ ਹੋਇਆ ਹੈ। ਬਸਪਾ ਦੀਆਂ ਸਰਗਰਮੀਆਂ ਵੀ ਭਖੀਆਂ ਹਨ। ਭਾਜਪਾ ਨੇ ਵੀ ਆਪਣੀ ਸਰਗਰਮੀ ਵਧਾ ਦਿੱਤੀ ਹੈ। ਕਾਂਗਰਸ ਦੀ ਦਿੱਲੀ ਤੋਂ ਆਈ ਟੀਮ ਵੀ 3 ਦਿਨ ਜਲੰਧਰ ਵਿਚ ਰਹਿ ਕੇ ਸਰਵੇ ਕਰ ਚੁੱਕੀ ਹੈ।
ਸਾਬਕਾ ਸੰਸਦ ਮੈਂਬਰ ਚੌਧਰੀ ਸੰਤੋਖ ਸਿੰਘ ਦੀ ਮੌਤ ਤੋਂ ਬਾਅਦ ਖਾਲੀ ਹੋਈ ਜਲੰਧਰ ਸੀਟ ਉਤੇ ਉਪ ਚੋਣਾਂ ਕਦੋਂ ਹੋਣਗੀਆਂ, ਹਾਲੇ ਇਹ ਤੈਅ ਨਹੀਂ ਹੋ ਸਕਿਆ ਹੈ। ਉਮੀਦ ਹੈ ਕਿ ਮਾਰਚ ਤੋਂ ਮਈ ਵਿਚਾਲੇ ਹੀ ਜਲੰਧਰ ਦੀ ਉਪ ਚੋਣ ਕਰਵਾਈ ਜਾਵੇਗੀ।
ਅਕਾਲੀ ਦਲ-ਬਸਪਾ ਨੇ ਬਿਠਾਉਣੇ ਸ਼ੁਰੂ ਕੀਤੇ ਸਮੀਕਰਨ
ਉਪ ਚੋਣ ਨੂੰ ਲੈ ਕੇ ਅਕਾਲੀ ਦਲ-ਬਸਪਾ ਨੇ ਵੀ ਆਪਣੇ ਸਮੀਕਰਨ ਬਿਠਾਉਣੇ ਸ਼ੁਰੂ ਕਰ ਦਿੱਤੇ ਹਨ। ਬਹੁਜਨ ਸਮਾਜ ਪਾਰਟੀ ਨਾਲ ਗਠਜੋੜ ਨਾਲ ਇਸ ਤੋਂ ਪਹਿਲਾਂ ਅਕਾਲੀ ਦਲ ਨੇ ਵਿਧਾਨ ਸਭਾ ਚੋਣਾਂ ਲੜੀਆਂ ਸਨ। ਉਮੀਦ ਹੈ ਕਿ ਬਸਪਾ ਵੀ ਆਪਣਾ ਉਮੀਦਵਾਰ ਅਕਾਲੀ ਦਲ ਨਾਲ ਮਿਲ ਕੇ ਉਤਾਰੇ। ਇਸ ਮਾਮਲੇ ਵਿਚ ਅੰਤਿਮ ਫੈਸਲਾ ਸੁਖਬੀਰ ਬਾਦਲ ਤੇ ਬਸਪਾ ਸੁਪਰੀਮੋ ਮਾਇਆਵਤੀ ਵਿਚਾਲੇ ਹੋਣਾ ਹੈ। ਸ਼੍ਰੋਮਣੀ ਅਕਾਲੀ ਦਲ ਤੋਂ ਪਵਨ ਕੁਮਾਰ ਟੀਨੂੰ 2014 ਵਿਚ ਲੋਕ ਸਭਾ ਚੋਣਾਂ ਲੜ ਚੁੱਕੇ ਹਨ। ਇਸ ਲਈ ਉਨ੍ਹਾਂ ਦੇ ਨਾਂ ਉਤੇ ਵੀ ਵਿਚਾਰ ਕੀਤਾ ਜਾ ਰਿਹਾ ਹੈ।
ਐਡਵੋਕੇਟ ਬਲਵਿੰਦਰ ਕੁਮਾਰ ਹੋ ਸਕਦੇ ਨੇ ਬਸਪਾ ਦੇ ਸੰਭਾਵੀ ਉਮੀਦਵਾਰ
ਦੂਸਰੇ ਪਾਸੇ ਬਸਪਾ ਦੇ ਜਲੰਧਰ ਤੋਂ ਜਾਣੇ-ਪਛਾਣੇ ਚਿਹਰੇ ਬਲਵਿੰਦਰ ਕੁਮਾਰ ਦਾ ਨਾਂ ਵੀ ਚਰਚਾ ਵਿਚ ਹੈ। ਬਸਪਾ ਦੇ ਪੰਜਾਬ ਮਾਮਲਿਆਂ ਬਾਰੇ ਇੰਚਾਰਜ ਰਣਧੀਰ ਸਿੰਘ ਬੈਨੀਵਾਲ ਨੇ ਵੀ ਕਿਹਾ ਹੈ ਕਿ ਚੋਣ ਲੜਨ ਲਈ ਸਿਰਫ਼ ਪੁਰਾਣੇ ਬਸਪਾਈ ਨੂੰ ਹੀ ਉਮੀਦਵਾਰ ਵਜੋਂ ਉਤਾਰਿਆ ਜਾ ਸਕਦਾ ਹੈ। ਉਨ੍ਹਾਂ ਇਸ ਗੱਲ ਤੋਂ ਵੀ ਇਨਕਾਰ ਨਹੀਂ ਕੀਤਾ ਕਿ ਐਡਵੋਕੇਟ ਬਲਵਿੰਦਰ ਕੁਮਾਰ, ਜੋ ਪਹਿਲਾਂ ਜਲੰਧਰ ਤੋਂ ਲੋਕ ਸਭਾ ਅਤੇ ਕਰਤਾਰਪੁਰ ਤੋਂ ਵਿਧਾਨ ਸਭਾ ਦੀ ਚੋਣ ਲੜ ਚੁੱਕੇ ਹਨ, ਨੂੰ ਵੀ ਉਮੀਦਵਾਰ ਬਣਾਇਆ ਜਾ ਸਕਦਾ ਹੈ।
2019 ਦੀਆਂ ਲੋਕ ਸਭਾ ਚੋਣਾਂ ਵਿੱਚ ਐਡਵੋਕੇਟ ਬਲਵਿੰਦਰ ਕੁਮਾਰ ਨੇ ਦੋ ਲੱਖ ਤੋਂ ਵੱਧ ਵੋਟਾਂ ਹਾਸਲ ਕਰਕੇ ਜਲੰਧਰ ਦੀ ਸਿਆਸਤ ਵਿਚ ਨਵਾਂ ਇਤਿਹਾਸ ਰਚਿਆ ਸੀ। ਐਡਵੋਕੇਟ ਬਲਵਿੰਦਰ ਕੁਮਾਰ ਨੇ ਵਿਧਾਨ ਸਭਾ ਹਲਕਾ ਕਰਤਾਰਪੁਰ ਤੋਂ ਪਿਛਲੀਆਂ ਵਿਧਾਨ ਸਭਾ ਚੋਣਾਂ ਲੜੀਆਂ ਸਨ ਪਰ ਚੰਗੀ ਕਾਰਗੁਜ਼ਾਰੀ ਦੇ ਬਾਵਜੂਦ ‘ਆਪ’ ਉਮੀਦਵਾਰ ਬਲਕਾਰ ਸਿੰਘ ਤੋਂ ਹਾਰ ਗਏ ਸੀ।
ਭਾਜਪਾ ਨੇ ਵੀ ਉਮੀਦਵਾਰ ਨੂੰ ਲੈ ਕੇ ਸ਼ੁਰੂ ਕੀਤੀਆਂ ਬੈਠਕਾਂ
ਲੋਕ ਸਭਾ ਉਪ ਚੋਣ ਨੂੰ ਲੈ ਕੇ ਭਾਜਪਾ ਨੇ ਵੀ ਸਰਗਰਮੀਆਂ ਤੇਜ਼ ਕਰ ਦਿੱਤੀਆਂ ਹਨ। ਭਾਜਪਾ ਦੇ ਸੂਬਾ ਪ੍ਰਧਾਨ ਅਸ਼ਵਨੀ ਸ਼ਰਮਾ ਚਾਰ ਦੌਰੇ ਕਰ ਚੁੱਕੇ ਹਨ। ਭਾਜਪਾ ਆਪਣੇ ਦਮ ਉਤੇ ਇਸ ਵਾਰ ਚੋਣ ਮੈਦਾਨ ਵਿਚ ਹੋਵੇਗੀ। ਫਿਲਹਾਲ ਭਾਜਪਾ ਵਲੋਂ ਵਿਜੈ ਸਾਂਪਲਾ, ਮੋਹਿੰਦਰ ਭਗਤ ਤੇ ਰਾਜੇਸ਼ ਬਾਘਾ ਦੇ ਇਲਾਵਾ ਦੋ ਹੋਰ ਨਾਵਾਂ ਉਤੇ ਵੀ ਚਰਚਾ ਕੀਤੀ ਜਾ ਰਹੀ ਹੈ। ਭਾਜਪਾ ਦੀ ਕੋਸ਼ਿਸ਼ ਹੈ ਕਿ ਕਿਸੇ ਜਿੱਤਣ ਵਾਲੇ ਚਿਹਰੇ ਨੂੰ ਹੀ ਉਮੀਦਵਾਰ ਬਣਾਇਆ ਜਾਵੇ।
ਕਾਂਗਰਸ ਵੀ ਕਿਸੇ ਕੀਮਤ ਉਤੇ ਨਹੀਂ ਖੋਹਣਾ ਚਾਹੁੰਦੀ ਜਲੰਧਰ ਦੀ ਸੀਟ
ਕਾਂਗਰਸ ਦੇ ਚੌਧਰੀ ਸੰਤੋਖ ਸਿੰਘ ਇਥੋਂ ਦੋ ਵਾਰ ਚੋਣਾਂ ਜਿੱਤੇ ਸਨ। ਇਸ ਲਈ ਕਾਂਗਰਸ ਇਸ ਸੀਟ ਨੂੰ ਗੁਆਉਣਾ ਨਹੀਂ ਚਾਹੁੰਦੀ। ਹਾਲਾਂਕਿ ਚੌਧਰੀ ਪਰਿਵਾਰ ਵਲੋਂ ਉਮੀਦਵਾਰੀ ਦੇ ਦਾਅਵਿਆਂ ਨੇ ਕਾਂਗਰਸ ਦੀ ਉਮੀਦਵਾਰ ਚੁਣਨ ਨੂੰ ਲੈ ਕੇ ਮੁਸ਼ਕਲ ਵਧਾ ਦਿੱਤੀ ਹੈ। ਚੌਧਰੀ ਪਰਿਵਾਰ ਦੀ ਮੰਗ ਹੈ ਕਿ ਉਨ੍ਹਾਂ ਦੇ ਪਰਿਵਾਰ ਵਿਚੋਂ ਹੀ ਕਿਸੇ ਨੂੰ ਉਮੀਦਵਾਰ ਬਣਾਇਆ ਜਾਵੇ। ਉਨ੍ਹਾਂ ਦੇ ਬੇਟੇ ਫਿਲ਼ੌਰ ਤੋਂ ਵਿਧਾਇਕ ਹੈ। ਇਸ ਲਈ ਉਨ੍ਹਾਂ ਦੀ ਨੂੰਹ ਤੇ ਪਤਨੀ ਦੇ ਨਾਵਾਂ ਉਤੇ ਵਿਚਾਰ ਕੀਤਾ ਜਾ ਸਕਦਾ ਹੈ। ਦੂਜੇ ਪਾਸੇ ਮੋਹਿੰਦਰ ਸਿੰਘ ਕੇਪੀ ਤੇ ਸੁਸ਼ੀਲ ਰਿੰਕੂ ਤੇ ਚਰਨਜੀਤ ਚੰਨੀ ਵਜੋਂ ਵੀ ਬਦਲ ਮੌਜੂਦ ਹਨ।
ਆਪ ਲਈ ਵੀ ਸਾਖ ਦਾ ਸਵਾਲ
ਵਿਧਾਨ ਸਭਾ ਚੋਣਾਂ ਵਿਚ ਰਿਕਾਰਡ ਜਿੱਤ ਨਾਲ ਸੱਤਾ ਵਿਚ ਆਈ ਆਮ ਆਦਮੀ ਪਾਰਟੀ ਲਈ ਉਪ ਚੋਣਾਂ ਸਾਖ ਦਾ ਸਵਾਲ ਹਨ। ਵਿਧਾਨ ਸਭਾ ਚੋਣਾਂ ਤੋਂ ਬਾਅਦ ਸੰਗਰੂਰ ਉਪ ਚੋਣ ਵਿਚ ਆਪ ਦੀ ਹਾਰ ਦੇ ਬਾਅਦ ਇਹ ਦੂਜੀ ਉਪ ਚੋਣ ਹੋਵੇਗੀ। ਇਸ ਲਈ ਆਪ ਦੀ ਕੋਸ਼ਿਸ਼ ਹੋਵੇਗੀ ਕਿ ਸਰਕਾਰ ਦੀਆਂ ਨੀਤੀਆਂ ਉਤੇ ਇਸ ਉਪ ਚੋਣ ਨੂੰ ਜਿੱਤ ਕੇ ਲੋਕਾਂ ਦੀ ਮੋਹਰ ਲਗਾਈ ਜਾਵੇ। ਫਿਲਹਾਲ ਆਪ ਨੇ ਕਿਸੇ ਉਮੀਦਵਾਰ ਦੇ ਨਾਂ ਦਾ ਜ਼ਿਕਰ ਨਹੀਂ ਕੀਤਾ ਹੈ।