ਨਾਜਾਇਜ਼ ਖਣਨ ਖਿਲਾਫ ਕਾਰਵਾਈ, ਸਵਾਂ ਨਦੀ ਨੇੜਿਓ ਇਕ ਪੋਕਲੇਨ ਮਸ਼ੀਨ ਤੇ 4 ਟਿੱਪਰ ਕੀਤੇ ਜ਼ਬਤ

0
589

ਚੰਡੀਗੜ੍ਹ |ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਸੂਬਾ ਵਾਸੀਆਂ ਨੂੰ ਵਾਜਬ ਕੀਮਤਾਂ ਉਤੇ ਲੋੜੀਂਦਾ ਰੇਤਾ ਮੁਹੱਈਆ ਕਰਵਾਉਣ ਅਤੇ ਗੈਰ ਕਾਨੂੰਨੀ ਖਣਨ ਖਿਲਾਫ ਸਖਤ ਕਾਰਵਾਈ ਦੇ ਨਿਰਦੇਸ਼ਾਂ ‘ਤੇ ਚੱਲਦਿਆਂ ਖਣਨ ਵਿਭਾਗ ਵੱਲੋਂ ਨਿਰੰਤਰ ਕਾਰਵਾਈ ਜਾਰੀ ਹੈ। ਖਣਨ ਵਿਭਾਗ ਵੱਲੋਂ ਰੂਪਨਗਰ ਜ਼ਿਲੇ ਅੰਦਰ ਸਵਾਂ ਨਦੀ ਨੇੜਿਓਂ ਛਾਪੇਮਾਰੀ ਕਰਦਿਆਂ ਇਕ ਪੋਕਲੇਨ ਮਸ਼ੀਨ ਅਤੇ 4 ਟਿੱਪਰ ਜ਼ਬਤ ਕੀਤੇ ਗਏ ਹਨ।

GURMEET SINGH MEET HAYER: Get Latest News, Images & Videos on GURMEET SINGH MEET  HAYER | Tribune India

ਜਾਣਕਾਰੀ ਦਿੰਦਿਆਂ ਖਣਨ ਮੰਤਰੀ ਗੁਰਮੀਤ ਸਿੰਘ ਮੀਤ ਹੇਅਰ ਨੇ ਦੱਸਿਆ ਕਿ ਖਣਨ ਵਿਭਾਗ ਵੱਲੋਂ ਇਹ ਕਾਰਵਾਈ ਸਵਾਂ ਨਦੀ ਦੇ ਸੱਜੇ ਪਾਸੇ ਗੈਰ ਕਾਨੂੰਨੀ ਖਣਨ ਕਰ ਰਹੀ ਇਕ ਪੋਕਲੇਨ ਮਸ਼ੀਨ ਅਤੇ 5 ਟਿੱਪਰਾਂ ਉਤੇ ਛਾਪੇਮਾਰੀ ਕੀਤੀ ਗਈ। ਇਕ ਟਿੱਪਰ ਡਰਾਈਵਰ ਟਿੱਪਰ ਨੂੰ ਲੈ ਕੇ ਭੱਜ ਗਿਆ, ਜਿਸ ਦਾ ਨੰਬਰ ਨੋਟ ਕਰ ਲਿਆ ਹੈ ਅਤੇ ਉਸ ਨੂੰ ਫੜਨ ਲਈ ਕਾਰਵਾਈ ਤੇਜ਼ ਕਰ ਦਿੱਤੀ ਗਈ ਹੈ ਜਦੋਂਕਿ ਇਕ ਪੋਕਲੇਨ ਮਸ਼ੀਨ ਅਤੇ 4 ਟਿੱਪਰ ਜ਼ਬਤ ਕਰ ਲਏ ਗਏ।

ਮੀਤ ਹੇਅਰ ਨੇ ਕਿਹਾ ਕਿ ਸੂਬਾ ਸਰਕਾਰ ਕਿਸੇ ਵੀ ਤਰ੍ਹਾਂ ਦੇ ਮਾਫੀਏ ਖਿਲਾਫ ਹੈ ਅਤੇ ਗੈਰ ਕਾਨੂੰਨੀ ਕਾਰਵਾਈਆਂ ਨੂੰ ਕਿਸੇ ਵੀ ਕੀਮਤ ਉਤੇ ਬਰਦਾਸ਼ਤ ਨਹੀਂ ਕਰੇਗੀ। ਉਨ੍ਹਾਂ ਕਿਹਾ ਕਿ ਲੋਕਾਂ ਨੂੰ ਵਾਜਬ ਕੀਮਤਾਂ ਉਤੇ ਲੋੜੀਂਦੀ ਰੇਤਾ ਮੁਹੱਈਆ ਕਰਵਾਉਣ ਲਈ ਖਣਨ ਵਿਭਾਗ ਵੱਲੋਂ 32 ਜਨਤਕ ਖੱਡਾਂ ਤੋਂ 5.50 ਰੁਪਏ ਪ੍ਰਤੀ ਵਰਗ ਫੁੱਟ ਦੇ ਹਿਸਾਬ ਨਾਲ ਰੇਤਾ ਵੇਚਿਆ ਜਾ ਰਿਹਾ ਹੈ।

ਹੁਣ ਤੱਕ ਆਮ ਲੋਕ 5.05 ਲੱਖ ਮੀਟ੍ਰਿਕ ਟਨ ਸਸਤਾ ਰੇਤਾ ਖਰੀਦ ਚੁੱਕੇ ਹਨ, ਜਿਸ ਨਾਲ ਮਜ਼ਦੂਰਾਂ ਨੂੰ ਵੀ ਰੋਜ਼ਗਾਰ ਮਿਲਿਆ ਹੈ। ਇਸ ਦੇ ਨਾਲ ਹੀ ਆਉਣ ਵਾਲੇ ਸਮੇਂ ਵਿਚ ਜਨਤਕ ਖੱਡਾਂ ਦੀ ਗਿਣਤੀ 50 ਤੱਕ ਕਰਨ ਦਾ ਟੀਚਾ ਹੈ। ਇਸੇ ਤਰ੍ਹਾਂ ਕਮਰਸ਼ੀਅਲ ਖੱਡਾਂ ਦੀ ਟੈਂਡਰਿੰਗ ਵੀ ਚੱਲ ਰਹੀ ਹੈ ਜਿਥੋਂ ਵੀ 5.50 ਰੁਪਏ ਪ੍ਰਤੀ ਵਰਗ ਫੁੱਟ ਦੇ ਹਿਸਾਬ ਨਾਲ ਰੇਤਾ ਮਿਲੇਗਾ।