ਚੰਡੀਗੜ੍ਹ | ਪੰਜਾਬ ‘ਚ ਹਥਿਆਰਾਂ ਦੇ ਆਧਾਰ ‘ਤੇ ਵੱਧ ਰਹੀਆਂ ਅਪਰਾਧਿਕ ਘਟਨਾਵਾਂ ਨੂੰ ਰੋਕਣ ਲਈ ਭਗਵੰਤ ਮਾਨ ਸਰਕਾਰ ਦੀ ਮੁਹਿੰਮ ਰੰਗ ਲਿਆ ਰਹੀ ਹੈ। ਮੁਹਾਲੀ ਜ਼ਿਲ੍ਹੇ ਵਿੱਚ 153 ਵਿਅਕਤੀਆਂ ਦੇ ਅਸਲਾ ਰੱਖਣ ਦੇ ਲਾਈਸੈਂਸ ਰੱਦ ਕੀਤੇ ਗਏ ਹਨ।
ਇਸ ਦੇ ਨਾਲ ਹੀ ਜ਼ਿਲ੍ਹਾ ਪ੍ਰਸ਼ਾਸਨ ਨੇ ਕਰੀਬ 450 ਲੋਕਾਂ ਨੂੰ ਲਾਇਸੈਂਸ ਰੱਦ ਕਰਨ ਦੇ ਨੋਟਿਸ ਜਾਰੀ ਕੀਤੇ ਹਨ। ਜ਼ਿਲ੍ਹਾ ਪ੍ਰਸ਼ਾਸਨ ਅਨੁਸਾਰ ਲਾਇਸੈਂਸ ਰੱਦ ਕਰਨ ਦੀ ਕਾਰਵਾਈ ਪੂਰੀ ਤਰ੍ਹਾਂ ਕਾਨੂੰਨ ਤਹਿਤ ਕੀਤੀ ਜਾ ਰਹੀ ਹੈ। ਲੋਕਾਂ ਦੇ ਅਸਲਾ ਲਾਈਸੈਂਸ ਵੱਖ-ਵੱਖ ਕਾਰਨਾਂ ਕਰ ਕੇ ਰੱਦ ਕੀਤੇ ਗਏ ਹਨ। ਇਨ੍ਹਾਂ ਵਿੱਚ ਪਤੇ ਦੀ ਤਬਦੀਲੀ, ਲਾਇਸੈਂਸ ਧਾਰਕ ਦੀ ਮੌਤ, ਲਾਇਸੈਂਸ ਧਾਰਕ ਵਿਰੁੱਧ ਕੋਈ ਅਪਰਾਧਿਕ ਮਾਮਲਾ ਦਰਜ ਹੋਣਾ ਅਤੇ ਸਮੇਂ ਸਿਰ ਲਾਇਸੈਂਸ ਨਾ ਪ੍ਰਾਪਤ ਕਰਨਾ ਆਦਿ ਸ਼ਾਮਲ ਹਨ।
ਜ਼ਿਲ੍ਹੇ ਵਿੱਚ ਲਾਈਸੈਂਸ ਹਥਿਆਰਾਂ ਦਾ ਵੇਰਵਾ
ਇਸ ਸਮੇਂ ਪੂਰੇ ਜ਼ਿਲ੍ਹੇ ਵਿੱਚ 7,014 ਵਿਅਕਤੀਆਂ ਨੂੰ ਅਸਲਾ ਲਾਈਸੈਂਸ ਦਿੱਤੇ ਗਏ ਹਨ। ਇਸ ਦੇ ਨਾਲ ਹੀ 8,607 ਰਜਿਸਟਰਡ ਹਥਿਆਰ ਲੋਕਾਂ ਕੋਲ ਹਨ। ਜਾਣਕਾਰੀ ਅਨੁਸਾਰ ਜਿਨ੍ਹਾਂ ਲਾਈਸੈਂਸਾਂ ‘ਤੇ 2 ਹਥਿਆਰ ਰੱਖਣ ਦੀ ਇਜਾਜ਼ਤ ਦਿੱਤੀ ਗਈ ਹੈ, ਉਨ੍ਹਾਂ ਦੀ ਗਿਣਤੀ 1,653 ਹੈ। ਦੂਜੇ ਪਾਸੇ ਤਿੰਨ ਜਾਂ ਇਸ ਤੋਂ ਵੱਧ ਹਥਿਆਰ ਰੱਖਣ ਦੀ ਮਨਜ਼ੂਰੀ ਦੇਣ ਵਾਲੇ ਲਾਈਸੈਂਸਾਂ ਦੀ ਗਿਣਤੀ 196 ਹੈ। ਇਸ ਸਾਲ 31 ਜੁਲਾਈ ਤੱਕ ਮੁਹਾਲੀ ਜ਼ਿਲ੍ਹਾ ਪ੍ਰਸ਼ਾਸਨ ਨੇ 130 ਵਿਅਕਤੀਆਂ ਨੂੰ ਹਥਿਆਰ ਰੱਖਣ ਦੇ ਲਾਈਸੈਂਸ ਦਿੱਤੇ ਹਨ।
ਹਥਿਆਰਾਂ ਨਾਲ ਹਮਲਾ ਹੀ ਨਹੀਂ ਕੀਤਾ ਜਾ ਰਿਹਾ ਸਗੋਂ ਡਰਾਇਆ-ਧਮਕਾਇਆ ਵੀ ਜਾ ਰਿਹਾ ਹੈ
ਦੱਸ ਦੇਈਏ ਕਿ ਪੰਜਾਬ ‘ਚ ਹਥਿਆਰਾਂ ਦੇ ਆਧਾਰ ‘ਤੇ ਲੁੱਟ-ਖੋਹ ਅਤੇ ਨਿੱਜੀ ਦੁਸ਼ਮਣੀ ਦੀਆਂ ਕਈ ਘਟਨਾਵਾਂ ਸਾਹਮਣੇ ਆ ਚੁੱਕੀਆਂ ਹਨ। ਹਾਲਾਂਕਿ ਅਜਿਹੀਆਂ ਜ਼ਿਆਦਾਤਰ ਘਟਨਾਵਾਂ ‘ਚ ਨਾਜਾਇਜ਼ ਹਥਿਆਰਾਂ ਦੀ ਵਰਤੋਂ ਸਾਹਮਣੇ ਆਈ ਹੈ। 2 ਦਸੰਬਰ ਦੀ ਰਾਤ ਨੂੰ ਮੁਹਾਲੀ ਦੇ ਸੈਕਟਰ 82 ਵਿੱਚ ਇੱਕ ਵਿਅਕਤੀ ਵੱਲੋਂ ਆਪਣੀ ਕਾਰ ਨਾਲ ਦੂਜੀ ਗੱਡੀ ਨੂੰ ਟੱਕਰ ਮਾਰਨ ਅਤੇ ਕਾਰ ਚਾਲਕ ਨੂੰ ਪਿਸਤੌਲ ਦਿਖਾ ਕੇ ਧਮਕੀਆਂ ਦੇਣ ਦਾ ਮਾਮਲਾ ਵੀ ਸਾਹਮਣੇ ਆਇਆ ਸੀ।
ਉਸ ਖ਼ਿਲਾਫ਼ ਆਈਪੀਸੀ ਅਤੇ ਆਰਮਜ਼ ਐਕਟ ਤਹਿਤ ਕੇਸ ਦਰਜ ਕੀਤਾ ਗਿਆ ਹੈ ਅਤੇ ਖਰੜ ਵਿੱਚ ਇੱਕ ਪਤਵੰਤੇ ਨੇ ਨਵੀਂ ਕਾਰ ਦਾ ਜਸ਼ਨ ਮਨਾਉਣ ਲਈ ਹਵਾ ਵਿੱਚ ਫਾਇਰਿੰਗ ਕੀਤੀ। ਉਸ ਖ਼ਿਲਾਫ਼ ਵੀ ਕੇਸ ਦਰਜ ਕੀਤਾ ਗਿਆ ਸੀ।