ਦੁਸਹਿਰਾ ਗਰਾਊਂਡ ਮੋਹਾਲੀ ਦੇ ਮੇਲੇ ‘ਚ ਹਾਦਸਾ: 50 ਫੁੱਟ ਦੀ ਉਚਾਈ ਤੋਂ ਡਿੱਗੀ ਸਪਿਨਿੰਗ ਜੌਇਰਾਈਡ; ਬੱਚਿਆਂ ਸਮੇਤ 20 ਲੋਕ ਜ਼ਖਮੀ; ਵੀਕਐਂਡ ‘ਤੇ ਘੁੰਮਣ ਆਏ ਸੀ

0
1459

ਚੰਡੀਗੜ੍ਹ | ਮੋਹਾਲੀ ਜ਼ਿਲ੍ਹੇ ਦੇ ਫੇਜ਼ 8 ਸਥਿਤ ਦੁਸਹਿਰਾ ਗਰਾਊਂਡ ‘ਚ ਐਤਵਾਰ ਰਾਤ ਨੂੰ ਇਕ ਮੇਲੇ ‘ਚ ਅਚਾਨਕ ਹਾਦਸਾ ਵਾਪਰ ਗਿਆ। ਇਸ ਹਾਦਸੇ ‘ਚ ਬੱਚਿਆਂ ਸਮੇਤ 20 ਦੇ ਕਰੀਬ ਲੋਕ ਜ਼ਖਮੀ ਹੋ ਗਏ। ਵੀਕਐਂਡ ‘ਤੇ ਲੋਕ ਮੇਲੇ ਨੂੰ ਦੇਖਣ ਆਉਂਦੇ ਸਨ। ਇਹ ਹਾਦਸਾ ਰਾਤ ਕਰੀਬ 9 ਵਜੇ ਵਾਪਰਿਆ। ਜ਼ਖ਼ਮੀਆਂ ਨੂੰ ਮੁਹਾਲੀ ਫੇਜ਼-6 ਦੇ ਸਿਵਲ ਹਸਪਤਾਲ ਵਿੱਚ ਦਾਖ਼ਲ ਕਰਵਾਇਆ ਗਿਆ ਹੈ। ਪੀੜਤਾਂ ਦੇ ਸਿਰ ਤੇ ਗਰਦਨ, ਪਿੱਠ, ਪੇਟ ਆਦਿ ‘ਤੇ ਗੰਭੀਰ ਸੱਟਾਂ ਲੱਗੀਆਂ ਹਨ। ਕੁਝ ਦੀ ਹਾਲਤ ਨਾਜ਼ੁਕ ਬਣੀ ਹੋਈ ਹੈ।

ਚਸ਼ਮਦੀਦਾਂ ਦਾ ਕਹਿਣਾ ਹੈ ਕਿ ਝੂਲ੍ਹੇ ਨੂੰ ਅਚਾਨਕ ਹੇਠਾਂ ਡਿੱਗਦਾ ਦੇਖ ਕੇ ਉਹ ਡਰ ਗਏ। ਅਚਾਨਕ ਰੌਲਾ ਪਿਆ ਤੇ ਝੂਲੇ ‘ਤੇ ਬੈਠੇ ਲੋਕ ਅਚਾਨਕ ਆ ਕੇ ਹੇਠਾਂ ਡਿੱਗ ਪਏ। ਉਹਨਾਂ ਦੀ ਸੀਟ ਬੈਲਟ ਟੁੱਟ ਗਈ। ਸਾਰੇ ਬੁਰੀ ਤਰ੍ਹਾਂ ਜ਼ਖਮੀ ਹੋ ਗਏ। ਕਾਹਲੀ ਵਿੱਚ ਲੋਕਾਂ ਨੇ ਜ਼ਖ਼ਮੀਆਂ ਨੂੰ ਗੱਡੀਆਂ ਵਿੱਚ ਬਿਠਾ ਕੇ ਫੇਜ਼ 6 ਦੇ ਹਸਪਤਾਲ ਤੇ ਪ੍ਰਾਈਵੇਟ ਹਸਪਤਾਲ ਵਿੱਚ ਪਹੁੰਚਾਇਆ। ਫੇਜ਼ 6 ਵਿੱਚ ਸਥਿਤ ਸਿਵਲ ਹਸਪਤਾਲ ਵਿੱਚ ਡਾਕਟਰ ਮਰੀਜ਼ਾਂ ਦੇ ਇਲਾਜ ਵਿੱਚ ਲੱਗੇ ਹੋਏ ਹਨ।

ਪ੍ਰਾਪਤ ਜਾਣਕਾਰੀ ਅਨੁਸਾਰ ਝੂਲਾ ਕਰੀਬ 50 ਫੁੱਟ ਦੀ ਉਚਾਈ ਤੋਂ ਡਿੱਗਿਆ । ਇਸ ਜਹਾਜ਼ ਨੁਮਾ ਝੂਲ੍ਹੇ ‘ਚ ਕਰੀਬ 20 ਲੋਕ ਸਵਾਰ ਸਨ, ਜਿਨ੍ਹਾਂ ਦੇ ਜ਼ਖਮੀ ਹੋਣ ਦੀ ਖਬਰ ਹੈ। ਮੁਹਾਲੀ ਪੁਲੀਸ ਦੇ ਸੀਨੀਅਰ ਅਧਿਕਾਰੀਆਂ ਨੇ ਮੌਕੇ ’ਤੇ ਪਹੁੰਚ ਕੇ ਜਾਂਚ ਕੀਤੀ। ਉਨ੍ਹਾਂ ਤੋਂ ਇਲਾਵਾ ਐਸਡੀਐਮ ਸਰਬਜੀਤ ਕੌਰ ਤੇ ਨਾਇਬ ਤਹਿਸੀਲਦਾਰ ਅਰਜੁਨ ਗਰੇਵਾਲ ਵੀ ਪੁੱਜੇ। ਪੁਲਸ ਦਾ ਕਹਿਣਾ ਹੈ ਕਿ ਲਾਪਰਵਾਹੀ ਕਰਨ ਵਾਲੇ ਵਿਅਕਤੀ ਖਿਲਾਫ ਆਈਪੀਸੀ ਦੀਆਂ ਧਾਰਾਵਾਂ ਤਹਿਤ ਮਾਮਲਾ ਦਰਜ ਕੀਤਾ ਜਾਵੇਗਾ।