ਅਬੋਹਰ, 1 ਅਕਤੂਬਰ | ਇਥੋਂ ਇਕ ਮੰਦਭਾਗੀ ਖਬਰ ਸਾਹਮਣੇ ਆਈ ਹੈ। ਪਿੰਡ ਕਿੱਕਰ ਖੇੜਾ ਵਾਸੀ ਨੌਜਵਾਨ ਦੀ ਲਾਸ਼ ਕੱਲ ਇੰਦਰਾ ਨਗਰੀ ਕਾਲੋਨੀ ਵਿਚੋਂ ਮਿਲੀ ਸੀ। ਇਸ ਮਾਮਲੇ ’ਚ ਪੁਲਿਸ ਜਾਂਚ ਤੋਂ ਪਤਾ ਲੱਗਾ ਹੈ ਕਿ ਨੌਜਵਾਨ ਨੂੰ ਨਸ਼ੇ ਦੀ ਓਵਰਡੋਜ਼ ਦਿੱਤੀ ਗਈ ਸੀ, ਜਿਸ ਕਾਰਨ ਉਸ ਦੀ ਮੌਤ ਹੋ ਗਈ। ਇਸ ਮਾਮਲੇ ’ਚ ਨਗਰ ਥਾਣਾ-1 ਦੀ ਪੁਲਿਸ ਨੇ ਅਣਪਛਾਤੇ ਵਿਅਕਤੀਆਂ ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਹੈ।
ਜਾਂਚ ਅਧਿਕਾਰੀ ਐਸਆਈ ਅਮਰੀਕ ਸਿੰਘ ਨੇ ਦੱਸਿਆ ਕਿ ਸੁਸ਼ੀਲ ਕੁਮਾਰ ਪੁੱਤਰ ਕਾਲੂ ਰਾਮ ਵਾਸੀ ਪਿੰਡ ਕਿੱਕਰਖੇੜਾ ਨੇ ਪੁਲਿਸ ਨੂੰ ਦਿੱਤੇ ਬਿਆਨਾਂ ਵਿੱਚ ਕਿਹਾ ਕਿ ਉਸ ਦਾ ਲੜਕਾ ਪ੍ਰਦੀਪ ਕੁਮਾਰ ਨਸ਼ਾ ਕਰਨ ਲੱਗ ਪਿਆ ਸੀ, ਜਿਸ ਨੂੰ ਨਸ਼ਾ-ਛੁਡਾਊ ਕੇਂਦਰ ਵਿਚ ਦਾਖ਼ਲ ਕਰਵਾਇਆ ਗਿਆ ਸੀ ਜੋ ਕਿ ਪਿੰਡ ਕਿੱਕਰ ਖੇੜਾ ਵਿਖੇ ਆਪਣੇ ਦਾਦੇ ਕੋਲ ਰਹਿੰਦਾ ਸੀ।
ਪ੍ਰਦੀਪ 28 ਸਤੰਬਰ ਨੂੰ ਸ਼ਾਮ ਕਰੀਬ 6.30 ਵਜੇ ਘਰੋਂ ਨਿਕਲਿਆ ਸੀ ਪਰ ਵਾਪਸ ਨਹੀਂ ਆਇਆ, ਜਿਸ ਬਾਰੇ ਉਨ੍ਹਾਂ ਨੂੰ 29 ਸਤੰਬਰ ਨੂੰ ਪਤਾ ਲੱਗਾ ਕਿ ਅਣਪਛਾਤੇ ਵਿਅਕਤੀਆਂ ਨੇ ਉਸ ਨੂੰ ਨਸ਼ੇ ਦੀ ਓਵਰਡੋਜ਼ ਦਿੱਤੀ ਹੈ, ਜਿਸ ਕਾਰਨ ਉਸ ਦੀ ਮੌਤ ਹੋ ਗਈ। ਉਸ ਦੀ ਲਾਸ਼ ਰੇਲਵੇ ਲਾਈਨ ਨੇੜੇ ਕਾਲੋਨੀ ਦੀ ਕੰਧ ਕੋਲ ਪਈ ਮਿਲੀ।