ਅਬੋਹਰ, 20 ਨਵੰਬਰ | ਇਥੋਂ ਇਕ ਮੰਦਭਾਗੀ ਖਬਰ ਸਾਹਮਣੇ ਆਈ ਹੈ। ਪਿੰਡ ਸ਼ੇਰਗੜ੍ਹ ’ਚ ਨਹਿਰ ’ਚ ਮੋਬਾਇਲ ਡਿੱਗਿਆ ਲੱਭਣ ਉਤਰੇ ਪੁੱਤ ਤੇ ਪਿਤਾ ਦੀ ਡੁੱਬਣ ਕਾਰਨ ਮੌਤ ਹੋ ਗਈ। ਪੁੱਤਰ ਨੂੰ ਡੁੱਬਦਾ ਦੇਖ ਪਿਓ ਉਸ ਨੂੰ ਬਚਾਉਣ ਲਈ ਗਿਆ ਸੀ।
ਲੋਕਾਂ ਨੇ ਪੁਲਿਸ ਨੂੰ ਦੱਸਿਆ ਕਿ ਪਿੰਡ ਦਲੀਆਂਵਾਲੀ ਦੇ ਵਾਸੀ 45 ਸਾਲ ਦੇ ਨਿਰਮਲ ਸਿੰਘ ਪੁੱਤਰ ਗੁਰਜੀਤ ਸਿੰਘ ਦੀ ਪਿੰਡ ਸ਼ੇਰਗੜ੍ਹ ’ਚ 2 ਏਕੜ ਜ਼ਮੀਨ ਹੈ, ਜਿਥੇ ਫਸਲ ਦੀ ਦੇਖਭਾਲ ਲਈ ਨਿਰਮਲ ਸਿੰਘ ਤੇ ਉਸਦਾ ਪੁੱਤਰ ਸੁਖਬੀਰ ਸਿੰਘ ਆਉਂਦੇ-ਜਾਂਦੇ ਰਹਿੰਦੇ ਹਨ। ਨਿਰਮਲ ਸਿੰਘ ਦੇ ਖੇਤ ਦੇ ਕੋਲ ਹੀ ਪਾਣੀ ਦੀ ਡਿੱਗੀ ਬਣੀ ਹੋਈ ਹੈ, ਜਿਸ ਤੋਂ ਖੇਤਾਂ ਦੀ ਸਿੰਚਾਈ ਕੀਤੀ ਜਾਂਦੀ ਹੈ।
ਕੁਝ ਦਿਨ ਪਹਿਲਾਂ ਨਿਰਮਲ ਦੇ 15 ਸਾਲ ਦੇ ਪੁੱਤਰ ਸੁਖਬੀਰ ਸਿੰਘ ਦਾ ਮੋਬਾਇਲ ਡਿੱਗੀ ’ਚ ਡਿੱਗ ਗਿਆ ਸੀ। ਉਦੋਂ ਉਨ੍ਹਾਂ ਮੋਬਾਇਲ ਕੱਢਣ ਦੀ ਕੋਈ ਕੋਸ਼ਿਸ਼ ਨਹੀਂ ਕੀਤੀ, ਅੱਜ ਕੋਸ਼ਿਸ਼ ਕਰ ਰਹੇ ਸਨ ਕਿ ਭਾਣਾ ਵਾਪਰ ਗਿਆ। ਘਟਨਾ ਦੀ ਸੂਚਨਾ ਮਿਲਣ ’ਤੇ ਥਾਣਾ ਖੁਈਆਂ ਸਰਵਰ ਦੀ ਪੁਲਿਸ ਨੇ ਦੋਵਾਂ ਦੀਆਂ ਲਾਸ਼ਾਂ ਸਰਕਾਰੀ ਹਸਪਤਾਲ ’ਚ ਪਹੁੰਚਾ ਕੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।
ਐਤਵਾਰ ਸਵੇਰ 9 ਵਜੇ ਦੋਵੇਂ ਪਿਓ-ਪੁੱਤ ਤੋਂ ਸ਼ੇਰਗੜ੍ਹ ਪੁੱਜੇ ਤੇ ਮੋਬਾਈਲ ਕੱਢਣ ਦੀ ਸਲਾਹ ਕੀਤੀ। ਇਸ ’ਤੇ ਸੁਖਬੀਰ ਰੱਸੇ ਸਹਾਰੇ ਪਾਣੀ ਦੀ ਡਿੱਗੀ ’ਚ ਉਤਰ ਗਿਆ, ਜਦਕਿ ਉਸਦੇ ਪਿਤਾ ਨੇ ਰੱਸਾ ਫੜਿਆ ਹੋਇਆ ਸੀ। ਮੋਬਾਈਲ ਦੀ ਭਾਲ ਕਰਦੇ ਹੋਏ ਸੁਖਬੀਰ ਸਿੰਘ ਡੂੰਘੇ ਪਾਣੀ ’ਚ ਚਲਾ ਗਿਆ ਤੇ ਸੰਤੁਲਨ ਵਿਗੜਨ ’ਤੇ ਉਸਦੇ ਹੱਥੋਂ ਰੱਸੀ ਛੁੱਟ ਗਈ ਤੇ ਉਹ ਡੁੱਬਣ ਲੱਗਾ। ਪੁੱਤਰ ਨੂੰ ਡੁੱਬਦਾ ਦੇਖ ਨਿਰਮਲ ਸਿੰਘ ਨੇ ਵੀ ਛਾਲ ਮਾਰ ਦਿੱਤੀ। ਹਾਲਾਂਕਿ ਨਿਰਮਲ ਸਿੰਘ ਤੈਰਨਾ ਜਾਣਦਾ ਸੀ ਪਰ ਪੁੱਤ ਨੂੰ ਬਚਾਉਣ ਦੀ ਕੋਸ਼ਿਸ਼ ਕਰਦਿਆਂ ਉਹ ਵੀ ਆਪਣੇ ਆਪ ਨੂੰ ਬਚਾ ਨਾ ਸਕਿਆ।
ਸੂਚਨਾ ਮਿਲਣ ’ਤੇ ਮੌਕੇ ’ਤੇ ਪੁੱਜੀ ਪੁਲਿਸ ਨੇ ਸੰਸਥਾ ਨਰ ਸੇਵਾ ਨਾਰਾਇਣ ਸੇਵਾ ਸਮਿਤੀ ਦੇ ਸਹਿਯੋਗ ਨਾਲ ਦੋਵਾਂ ਲਾਸ਼ਾਂ ਡਿੱਗੀ ’ਚੋਂ ਕਢਵਾਈਆਂ, ਜਿਹੜੀਆਂ ਪੋਸਟਮਾਰਟਮ ਲਈ ਸਰਕਾਰੀ ਹਸਪਤਾਲ ਦੀ ਮੋਰਚਰੀ ’ਚ ਰੱਖਵਾ ਦਿੱਤੀਆਂ ਗਈਆਂ।