‘ਆਪ’ ਵਿਧਾਇਕਾ ਦੇ ਪੁੱਤ ਨੂੰ ਗੈਂਗਸਟਰਾਂ ਵਲੋਂ ਧਮਕੀਆਂ

0
880

ਨਕੋਦਰ: ਨਕੋਦਰ ਹਲਕੇ ਤੋਂ ‘ਆਪ’ ਵਿਧਾਇਕਾ ਇੰਦਰਜੀਤ ਕੌਰ ਮਾਨ ਦੇ ਬੇਟੇ ਨੂੰ ਗੈਂਗਸਟਰਾਂ ਵਲੋਂ ਧਮਕੀਆਂ ਮਿਲ ਰਹੀਆਂ ਹਨ। ਦੱਸਿਆ ਜਾ ਰਿਹਾ ਹੈ ਕਿ ਵਿਧਾਇਕਾ ਮਾਨ ਦੇ ਬੇਟੇ ਅਮਨਦੀਪ ਸਿੰਘ ਨੂੰ ਗੈਂਗਸਟਰਾਂ ਵਲੋਂ ਕਾਲ ਅਤੇ ਮੈਸੇਜ ਕਰਕੇ ਧਮਕੀਆਂ ਦਿਤੀਆਂ ਜਾ ਰਹੀਆਂ ਹਨ। ਇਸ ਮਾਮਲੇ ਵਿਚ ਥਾਣਾ ਨਕੋਦਰ ਦੀ ਪੁਲਿਸ ਨੇ ਅਣਪਛਾਤੇ ਗੈਂਗਸਟਰ ਖ਼ਿਲਾਫ਼ ਕੇਸ ਦਰਜ ਕਰ ਲਿਆ ਹੈ।

10 ਮਈ ਨੂੰ ਵਿਧਾਇਕਾ ਇੰਦਰਜੀਤ ਕੌਰ ਦੇ ਪੁੱਤਰ ਅਮਨਦੀਪ ਸਿੰਘ ਨੂੰ ਕਿਸੇ ਅਣਪਛਾਤੇ ਵਿਅਕਤੀ ਵਲੋਂ ਉਨ੍ਹਾਂ ਦੇ ਮੋਬਾਈਲ ‘ਤੇ ਧਮਕੀ ਭਰਿਆ ਸੁਨੇਹਾ ਮਿਲਿਆ। ਵਿਧਾਇਕਾ ਦੇ ਲੜਕੇ ਨੇ ਧਮਕੀ ਦੇਣ ਵਾਲੇ ਵਿਅਕਤੀ ਤੋਂ ਉਸ ਦਾ ਠਿਕਾਣਾ ਵੀ ਪੁੱਛਿਆ ਪਰ ਉਸ ਨੇ ਗਲਤ ਸ਼ਬਦਾਵਲੀ ਵਰਤ ਕੇ ਫੋਨ ਬੰਦ ਕਰ ਦਿਤਾ। ਇਸ ਦੌਰਾਨ ਉਸ ਨੂੰ ਫਿਰ ਤੋਂ ਕਿਸੇ ਹੋਰ ਨੰਬਰ ਤੋਂ ਮਿਸ ਕਾਲਾਂ ਆਉਣੀਆਂ ਸ਼ੁਰੂ ਹੋ ਗਈਆਂ। ਜਦੋਂ ਪੁਲਿਸ ਵਲੋਂ ਉਸ ਨੰਬਰ ‘ਤੇ ਸੰਪਰਕ ਕੀਤਾ ਗਿਆ ਤਾਂ ਉਹ ਨੰਬਰ ਬੰਦ ਆ ਆਇਆ।

ਅਮਨਦੀਪ ਸਿੰਘ ਨੇ ਜਲੰਧਰ ਦਿਹਾਂਤੀ ਦੇ ਐਸਐਸਪੀ ਮੁਖਵਿੰਦਰ ਭੁੱਲਰ ਨੂੰ ਸ਼ਿਕਾਇਤ ਦੇ ਕੇ ਕਾਰਵਾਈ ਦੀ ਮੰਗ ਕੀਤੀ ਹੈ। ਪੁਲਿਸ ਨੇ ਇਸ ਮਾਮਲੇ ‘ਚ ਅਣਪਛਾਤੇ ਗੈਂਗਸਟਰਾਂ ਖਿਲਾਫ਼ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿਤੀ ਹੈ। ਇਸ ਨੂੰ ਗੰਭੀਰਤਾ ਨਾਲ ਲੈਂਦਿਆਂ ਐਸਐਸਪੀ ਮੁਖਵਿੰਦਰ ਸਿੰਘ ਨੇ ਸ਼ਿਕਾਇਤ ਮਿਲਦੇ ਹੀ ਕਾਰਵਾਈ ਦੇ ਹੁਕਮ ਦਿਤੇ ਹਨ। ਥਾਣਾ ਸਦਰ ਨਕੋਦਰ ਵਿੱਚ ਧਾਰਾ 384, 506 ਆਈਪੀਸੀ ਤਹਿਤ ਕੇਸ ਦਰਜ ਕਰਕੇ ਜਾਂਚ ਕੀਤੀ ਜਾ ਰਹੀ ਹੈ।