ਗੜ੍ਹਸ਼ੰਕਰ ਤੋਂ AAP ਦੇ ਵਿਧਾਇਕ ਦੀ ਕਾਰ ‘ਤੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ, Video

0
2217

ਗੜ੍ਹਸ਼ੰਕਰ/ਹੁਸ਼ਿਆਰਪੁਰ | ਵਿਧਾਨ ਸਭਾ ਹਲਕਾ ਗੜ੍ਹਸ਼ੰਕਰ ਤੋਂ ਆਮ ਆਦਮੀ ਪਾਰਟੀ ਦੇ ਵਿਧਾਇਕ ਜੈ ਕਿਸ਼ਨ ਸਿੰਘ ਰੌੜੀ ਦੀ ਕਾਰ ‘ਤੇ ਮੰਗਲਵਾਰ ਦੇਰ ਰਾਤ ਕੁਝ ਵਿਅਕਤੀਆਂ ਵੱਲੋਂ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕਰਨ ਦੀ ਖ਼ਬਰ ਹੈ।

ਵਿਧਾਇਕ ਰੌੜੀ ਨੇ ਦੱਸਿਆ ਕਿ ਰਾਤ 11.40 ਵਜੇ ਦੇ ਕਰੀਬ ਉਹ ਆਪਣੇ ਗੰਨਮੈਨ ਤੇ ਡਰਾਈਵਰ ਨਾਲ ਬੰਗਾ ਰੋਡ ਵਾਲੇ ਪਾਸਿਓਂ ਆ ਰਹੇ ਸਨ, ਜਦ ਉਹ ਗੁਰਦੁਆਰਾ ਸ਼ਹੀਦਾਂ ਅਤੇ ਨਿਰੰਕਾਰੀ ਭਵਨ ਦੇ ਵਿਚਕਾਰ ਪਹੁੰਚੇ, ਗੱਡੀ ਦੀ ਰਫਤਾਰ ਬਹੁਤ ਹੌਲੀ ਸੀ ਤਾਂ ਇਕ ਵਿਅਕਤੀ ਨੇ ਕਿਰਪਾਨ ਨਾਲ ਉਨ੍ਹਾਂ ਦੀ ਗੱਡੀ ‘ਤੇ ਹਮਲਾ ਕਰ ਦਿੱਤਾ, ਜਿਸ ਨਾਲ ਸ਼ੀਸ਼ਾ ਟੁੱਟ ਗਿਆ। ਦੂਸਰੇ ਪਾਸੇ ਵੀ ਇਸੇ ਤਰ੍ਹਾਂ ਹਮਲਾ ਕੀਤਾ ਗਿਆ।

ਇਸ ਘਟਨਾ ਦੌਰਾਨ ਕਿਸੇ ਵੀ ਤਰ੍ਹਾਂ ਦਾ ਜਾਨੀ ਨੁਕਸਾਨ ਹੋਣ ਤੋਂ ਬਚਾਅ ਹੋ ਗਿਆ। ਉਨ੍ਹਾਂ ਦੱਸਿਆ ਕਿ ਗੱਡੀ ਦੀ ਰਫਤਾਰ ਤੇਜ਼ ਕਰਕੇ ਉਹ ਪੁਲਿਸ ਥਾਣੇ ਪਹੁੰਚੇ ਤੇ ਪੁਲਿਸ ਨੂੰ ਸੂਚਿਤ ਕੀਤਾ। ਉਨ੍ਹਾਂ ਕਿਹਾ ਕਿ ਇਹ ਹਮਲਾ ਲੁੱਟ-ਖੋਹ ਕਰਨ ਲਈ ਕੀਤਾ ਗਿਆ ਜਾਪਦਾ ਹੈ।

ਪੁਲਿਸ ਵੱਲੋਂ ਇਕ ਵਿਅਕਤੀ ਕਾਬੂ : DSP

ਇਸ ਸਬੰਧੀ ਗੱਲਬਾਤ ਕਰਦਿਆਂ ਡੀਐੱਸਪੀ ਸਬ-ਡਵੀਜ਼ਨ ਗੜ੍ਹਸ਼ੰਕਰ ਨਰਿੰਦਰ ਸਿੰਘ ਔਜਲਾ ਨੇ ਦੱਸਿਆ ਕਿ ਉਨ੍ਹਾਂ ਨੂੰ ਰਾਤ ਪੌਣੇ 12 ਵਜੇ ਦੇ ਕਰੀਬ ਵਿਧਾਇਕ ਰੌੜੀ ਵੱਲੋਂ ਇਸ ਹਮਲੇ ਸਬੰਧੀ ਦੱਸਿਆ ਗਿਆ, ਜਿਸ ‘ਤੇ ਪੁਲਸ ਪਾਰਟੀ ਵੱਲੋਂ ਮੌਕੇ ‘ਤੇ ਪਹੁੰਚ ਕੇ ਕੁਝ ਸਮੇਂ ਬਾਅਦ ਹੀ ਇਕ ਵਿਅਕਤੀ ਨੂੰ ਕਾਬੂ ਕਰ ਲਿਆ ਗਿਆ, ਜਿਸ ਤੋਂ ਪੁੱਛਗਿੱਛ ਕੀਤੀ ਜਾ ਰਹੀ ਹੈ।

ਉਨ੍ਹਾਂ ਦੱਸਿਆ ਕਿ ਇਸ ਤੋਂ ਇਲਾਵਾ ਲੁਟੇਰਿਆਂ ਵੱਲੋਂ 2 ਹੋਰ ਗੱਡੀਆਂ ਖੋਹਣ ਦੀ ਕੋਸ਼ਿਸ਼ ਵੀ ਕੀਤੀ ਗਈ, ਜੋ ਕਿ ਪੁਲਸ ਨੂੰ ਦੇਖ ਕੇ ਆਪਣੀ ਗੱਡੀ ਛੱਡ ਕੇ ਮੌਕੇ ਤੋਂ ਫਰਾਰ ਹੋ ਗਏ।