ਪਟਿਆਲਾ। ਸਨੌਰ ਤੋਂ ਆਪ ਵਿਧਾਇਕ ਹਰਮੀਤ ਸਿੰਘ ਪਠਾਣਮਾਜਰਾ ਖ਼ਿਲਾਫ਼ ਉਨ੍ਹਾਂ ਦੀ ਦੂਜੀ ਪਤਨੀ ਗੁਰਪ੍ਰੀਤ ਨੇ ਇਕ ਵਾਰ ਫਿਰ ਪੰਜਾਬ ਅਤੇ ਹਰਿਆਣਾ ਹਾਈਕੋਰਟ ‘ਚ ਪਟੀਸ਼ਨ ਦਾਇਰ ਕੀਤੀ ਹੈ। ਗੁਰਪ੍ਰੀਤ ਨੇ ਅਦਾਲਤ ਨੂੰ ਪਠਾਣਮਾਜਰਾ ਵੱਲੋਂ ਉਸ ਖ਼ਿਲਾਫ਼ ਦਰਜ ਕਰਵਾਈ ਐੱਫਆਈਆਰ ਰੱਦ ਕੀਤੇ ਜਾਣ ਦੀ ਮੰਗ ਕੀਤੀ ਹੈ। ਪਟੀਸ਼ਨ ‘ਚ ਕਿਹਾ ਗਿਆ ਹੈ ਕਿ ਪਠਾਣਮਾਜਰਾ ਖ਼ਿਲਾਫ਼ ਉਸ ਨੇ ਹਾਈਕੋਰਟ ‘ਚ ਜਬਰ-ਜ਼ਿਨਾਹ ਦੇ ਦੋਸ਼ ਲਾਉਂਦੇ ਹੋਏ ਅਪਰਾਧਿਕ ਸ਼ਿਕਾਇਤ ਦਰਜ ਕਰਾਈ ਸੀ। ਇਸ ਦੇ ਕਾਰਨ ਇਹ ਐੱਫ. ਆਈ. ਆਰ. ਦਰਜ ਕੀਤੀ ਗਈ ਹੈ, ਜੋ ਕਿ ਸਿਆਸਤ ਤੋਂ ਪ੍ਰੇਰਿਤ ਹੈ।
ਪਟੀਸ਼ਨ ‘ਚ ਕਿਹਾ ਗਿਆ ਹੈ ਕਿ ਪਠਾਣਮਾਜਰਾ ਵੱਲੋਂ ਦੂਜੀ ਪਤਨੀ ਗੁਰਪ੍ਰੀਤ ਨੂੰ ਯੂ-ਟਿਊਬ ‘ਤੇ ਲਗਾਤਾਰ ਧਮਕੀਆਂ ਦਿੱਤੀਆਂ ਜਾ ਰਹੀਆਂ ਹਨ। ਜ਼ਿਕਰਯੋਗ ਹੈ ਕਿ ਵਿਧਾਇਕ ਪਠਾਣਮਾਜਰਾ ਦੀ ਸੋਸ਼ਲ ਮੀਡੀਆ ‘ਤੇ ਇਕ ਕਥਿਤ ਅਸ਼ਲੀਲ ਵੀਡੀਓ ਵਾਇਰਲ ਹੋਈ ਸੀ। ਉਨ੍ਹਾਂ ਦਾ ਕਹਿਣਾ ਸੀ ਕਿ ਇਹ ਵੀਡੀਓ ਉਨ੍ਹਾਂ ਦੀ ਦੂਜੀ ਪਤਨੀ ਨੇ ਬਣਾਈ ਹੈ ਅਤੇ ਉਸ ਵੱਲੋਂ ਹੀ ਇਹ ਵੀਡੀਓ ਵਾਇਰਲ ਕੀਤੀ ਗਈ ਹੈ। ਦੂਜੀ ਪਤਨੀ ਵੱਲੋਂ ਵਿਧਾਇਕ ‘ਤੇ ਧੋਖਾਧੜੀ ਦਾ ਦੋਸ਼ ਲਾਇਆ ਗਿਆ ਹੈ। ਔਰਤ ਨੇ ਜ਼ੀਰਕਪੁਰ ਪੁਲਸ ਥਾਣੇ ‘ਚ ਇਸ ਦੀ ਸ਼ਿਕਾਇਤ ਦਰਜ ਕਰਵਾਈ ਹੈ। ਇੰਨਾ ਹੀ ਨਹੀਂ, ਔਰਤ ਨੇ ਇਹ ਵੀ ਦੋਸ਼ ਲਾਇਆ ਹੈ ਕਿ ਵਿਧਾਇਕ ਪਠਾਣਮਾਜਰਾ ਵੱਲੋਂ ਉਸ ਨੂੰ ਜਾਨੋਂ ਮਾਰਨ ਦੀਆਂ ਧਮਕੀਆਂ ਦਿੱਤੀਆਂ ਜਾ ਰਹੀਆਂ ਹਨ।