‘ਆਪ’ ਦੇ ਮੰਤਰੀ ਫੌਜਾ ਸਿੰਘ ਸਰਾਰੀ ਨੇ ਮਾਰੀ ਫਿਰੋਜ਼ਪੁਰ ਦੇ ਨਾਮ ਚਰਚਾ ਘਰ ‘ਚ ਗੇੜੀ, ਸੀਐੱਮ ਮਾਨ ਨੇ ਜਾਰੀ ਕੀਤਾ ਕਾਰਨ ਦੱਸੋ ਨੋਟਿਸ

0
368

ਫਿਰੋਜ਼ਪੁਰ। ਪੰਜਾਬ ਦੇ ਵਿਵਾਦਤ ਕੈਬਨਿਟ ਮੰਤਰੀ ਫੌਜਾ ਸਿੰਘ ਸਰਾਰੀ ਵੱਲੋਂ ਫਿਰੋਜ਼ਪੁਰ ਜ਼ਿਲ੍ਹੇ ਦੇ ਕਸਬਾ ਗੁਰੂ ਹਰ ਸਹਾਏ ‘ਚ ਸਥਿਤ ਡੇਰਾ ਸਿਰਸਾ ਦੇ ‘ਨਾਮ ਚਰਚਾ ਘਰ’ ਦਾ ਦੌਰਾ ਕਰਨ ‘ਤੇ ਵਿਵਾਦ ਖੜ੍ਹਾ ਹੋ ਗਿਆ ਹੈ। ਹਾਸਲ ਜਾਣਕਾਰੀ ਅਨੁਸਾਰ ਸ਼ਨੀਵਾਰ ਨੂੰ ਫੌਜਾ ਸਿੰਘ ਸਰਾਰੀ ਡੇਰਾ ਸਿਰਸਾ ਦੇ ਗੁਰੂ ਹਰਸਹਾਏ ਦੇ ‘ਨਾਮ ਚਰਚਾ ਘਰ’ ਪਹੁੰਚੇ। ਜਿੱਥੇ ਡੇਰੇ ਦੀਆਂ ਸੰਗਤਾਂ ਵੱਲੋਂ ਉਨ੍ਹਾਂ ਦਾ ਸਨਮਾਨ ਵੀ ਕੀਤਾ ਗਿਆ। ਇਸ ਦੀਆਂ ਤਸਵੀਰਾਂ ਵਾਇਰਲ ਹੋਣ ਮਗਰੋਂ ਹੰਗਾਮਾ ਸ਼ੁਰੂ ਹੋ ਗਿਆ।

ਡੇਰਾ ਸੱਚਾ ਸੌਦਾ ਦੇ ਮੈਂਬਰ ਨੇ ਦਿੱਤਾ ਇਹ ਸਪੱਸ਼ਟੀਕਰਨ 

ਹਾਲਾਂਕਿ ਬਾਅਦ ਵਿੱਚ ਡੇਰਾ ਸੱਚਾ ਸੌਦਾ ਦੇ ਮੈਂਬਰ ਸ਼ਿਵ ਕੁਮਾਰ ਵੱਲੋਂ ਸਪੱਸ਼ਟੀਕਰਨ ਦਿੱਤਾ ਗਿਆ ਕਿ ਫੌਜਾ ਸਿੰਘ ਉਥੋਂ ਜਾ ਰਿਹਾ ਸੀ ਤੇ ਸਥਾਨਕ ਲੋਕ ਉਸ ਨੂੰ ਆਪਣੀਆਂ ਸਮੱਸਿਆਵਾਂ ਦੱਸਣ ਲਈ ਰੋਕ ਕੇ ਡੇਰਾ ਸਿਰਸਾ ਦੇ ਨਾਮ ਚਰਚਾ ਘਰ ਲੈ ਆਏ ਤੇ ਉਨ੍ਹਾਂ ਦੇ ਸਵਾਗਤ ਲਈ ਕੋਈ ਵਿਸ਼ੇਸ਼ ਪ੍ਰੋਗਰਾਮ ਨਹੀਂ ਰੱਖਿਆ ਗਿਆ ਸੀ। ਇਸ ਦੇ ਬਾਵਜੂਦ ਵਿਰੋਧੀ ਧਿਰਾਂ ਨੇ ਨਿਸ਼ਾਨਾ ਸਾਧਿਆ ਹੈ। ਸੋਸ਼ਲ ਮੀਡੀਆ ਉੱਪਰ ਵੀ ਸਰਾਰੀ ਦੀ ਆਲੋਚਨਾ ਹੋ ਰਹੀ ਹੈ।

ਜ਼ਿਕਰਯੋਗ ਹੈ ਕਿ ਫੌਜਾ ਸਿੰਘ ਸਰਾਰੀ ‘ਤੇ ਭ੍ਰਿਸ਼ਟਾਚਾਰ ਦੇ ਦੋਸ਼ ਹਨ ਅਤੇ ਕੁਝ ਦਿਨ ਪਹਿਲਾਂ ਉਨ੍ਹਾਂ ਦੀ ਇਕ ਆਡੀਓ ਵਾਇਰਲ ਹੋਈ ਸੀ। ਜਿਸ ਵਿੱਚ ਉਹ ਆਪਣੇ ਪੀਏ ਨਾਲ ਗੱਲ ਕਰਦੇ ਹੋਏ ਸੁਣਿਆ ਗਿਆ। ਇਸ ਵਿੱਚ ਉਹ ਅਧਿਕਾਰੀਆਂ ਤੋਂ ਜਬਰੀ ਵਸੂਲੀ ਦੀ ਗੱਲ ਕਰ ਰਿਹਾ ਸੀ। ਉਦੋਂ ਤੋਂ ਹੀ ਉਨ੍ਹਾਂ ‘ਤੇ ਅਸਤੀਫਾ ਦੇਣ ਦਾ ਦਬਾਅ ਹੈ।

ਸੀਐਮ ਮਾਨ ਨੇ ਫੌਜਾ ਸਿੰਘ ਨੂੰ ਜਾਰੀ ਕੀਤਾ ਕਾਰਨ ਦੱਸੋ ਨੋਟਿਸ 

ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਜੋ ਕਿ ‘ਆਮ ਆਦਮੀ ਪਾਰਟੀ‘ ਪੰਜਾਬ ਦੇ ਸੂਬਾ ਪ੍ਰਧਾਨ ਵੀ ਹਨ, ਨੇ ਵੀ ਕਰੀਬ ਇੱਕ ਮਹੀਨਾ ਪਹਿਲਾਂ ਫੌਜਾ ਸਿੰਘ ਸਰਾਰੀ ਨੂੰ ਕਾਰਨ ਦੱਸੋ ਨੋਟਿਸ ਜਾਰੀ ਕੀਤਾ ਸੀ, ਜਿਸ ਦਾ ਉਨ੍ਹਾਂ ਨੇ ਹੁਣ ਤੱਕ ਕੋਈ ਜਵਾਬ ਨਹੀਂ ਦਿੱਤਾ ਹੈ।

ਜ਼ਿਕਰਯੋਗ ਹੈ ਕਿ ਡੇਰਾ ਸੱਚਾ ਸੌਦਾ ਮੁਖੀ ਬਾਬਾ ਰਾਮ ਰਹੀਮ ਨੂੰ ਹਾਲ ਹੀ ‘ਚ ਪੈਰੋਲ ‘ਤੇ ਰਿਹਾਅ ਕੀਤਾ ਗਿਆ ਹੈ। ਉਸ ਨੂੰ 40 ਦਿਨਾਂ ਦੀ ਪੈਰੋਲ ਦਿੱਤੀ ਗਈ ਹੈ। ਗੁਰਮੀਤ ਰਾਮ ਰਹੀਮ ਜਦੋਂ ਤੋਂ ਪੈਰੋਲ ‘ਤੇ ਰਿਹਾਅ ਹੋਇਆ ਹੈ ਉਦੋਂ ਤੋਂ ਹੀ ਕਾਫੀ ਚਰਚਾ ‘ਚ ਹੈ।