ਜਲੰਧਰ, 3 ਦਸੰਬਰ| ਨਕੋਦਰ ਹਲਕੇ ਤੋਂ ਆਮ ਆਦਮੀ ਪਾਰਟੀ (ਆਪ) ਦੇ ਇੱਕ ਸਰਗਰਮ ਆਗੂ ਦੀ ਕਪੂਰਥਲਾ ਦੇ ਸੁਲਤਾਨਪੁਰ ਲੋਧੀ ਵਿੱਚ ਸ਼ੱਕੀ ਹਾਲਾਤ ਵਿੱਚ ਮੌਤ ਹੋ ਗਈ। ਜਲੰਧਰ ਦੇ ਨਕੋਦਰ ਸਦਰ ਥਾਣਾ ਦੇ ਪਿੰਡ ਗਿੱਲ ਦੇ ਰਹਿਣ ਵਾਲੇ ਸੁਖਬੀਰ ਸਿੰਘ (28) ਦੀ ਕਾਰ ‘ਚੋਂ ਲਾਸ਼ ਬਰਾਮਦ ਹੋਈ ਹੈ। ਕਪੂਰਥਲਾ ਪੁਲਿਸ ਨੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਇਸ ਦੌਰਾਨ ਮ੍ਰਿਤਕ ਦੀ ਲਾਸ਼ ਨੂੰ ਪੋਸਟਮਾਰਟਮ ਲਈ ਭੇਜ ਦਿੱਤਾ ਗਿਆ ਹੈ।
ਪ੍ਰਾਪਤ ਜਾਣਕਾਰੀ ਅਨੁਸਾਰ ਸੁਖਬੀਰ ਸਿੰਘ ਕੱਲ੍ਹ ਪਿੰਡ ਡੱਲਾ, ਸੁਲਤਾਨਪੁਰ ਲੋਧੀ, ਕਪੂਰਥਲਾ ਵਿਖੇ ਕਿਸੇ ਜਾਣਕਾਰ ਦੇ ਵਿਆਹ ਵਿੱਚ ਸ਼ਾਮਲ ਹੋਣ ਲਈ ਘਰੋਂ ਨਿਕਲਿਆ ਸੀ। ਪਰ ਸੁਖਬੀਰ ਦੀ ਲਾਸ਼ ਕਪੂਰਥਲਾ ਦੇ ਭੁਲੱਥ ਨੇੜੇ ਉਨ੍ਹਾਂ ਦੀ ਕਾਰ ਵਿੱਚੋਂ ਮਿਲੀ। ਘਟਨਾ ਦੀ ਸੂਚਨਾ ਮਿਲਦੇ ਹੀ ਥਾਣਾ ਭੁਲੱਥ ਦੀ ਪੁਲਿਸ ਜਾਂਚ ਲਈ ਉਥੇ ਪਹੁੰਚ ਗਈ। ਫਿਲਹਾਲ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।
ਰਾਤ 11.30 ਵਜੇ ਰਾਹਗੀਰਾਂ ਨੇ ਲਾਸ਼ ਦੇਖੀ
ਥਾਣਾ ਭੁਲੱਥ ਦੇ ਐਸ.ਐਚ.ਓ ਸਰਜਿੰਦਰ ਸਿੰਘ ਨੇ ਦੱਸਿਆ ਕਿ ਬੀਤੀ ਰਾਤ ਕਰੀਬ 11.30 ਵਜੇ ਕਿਸੇ ਰਾਹਗੀਰ ਨੇ ਦੇਖਿਆ ਕਿ ਉਕਤ ਵਿਅਕਤੀ ਦੀ ਕਾਰ ਸੜਕ ਤੋਂ ਹੇਠਾਂ ਜਾ ਚੁੱਕੀ ਸੀ। ਨੇੜੇ ਜਾ ਕੇ ਦੇਖਿਆ ਕਿ ਕਾਰ ਖੇਤਾਂ ਵੱਲ ਜਾਂਦੀ ਕੱਚੀ ਸੜਕ ‘ਤੇ ਖੜ੍ਹੀ ਸੀ ਅਤੇ ਕਾਰ ‘ਚ ਇਕ ਬੇਹੋਸ਼ ਵਿਅਕਤੀ ਬੈਠਾ ਸੀ | ਜਿਸ ਤੋਂ ਬਾਅਦ ਰਾਹਗੀਰਾਂ ਵੱਲੋਂ ਸੁਖਬੀਰ ਦੇ ਫੋਨ ਦੀ ਤਲਾਸ਼ੀ ਲਈ ਗਈ ਅਤੇ ਉਸ ਦੇ ਘਰ ਫੋਨ ਕੀਤਾ ਗਿਆ।
ਹਸਪਤਾਲ ਪ੍ਰਸ਼ਾਸਨ ਨੇ ਪੁਲਿਸ ਨੂੰ ਸੂਚਨਾ ਦਿੱਤੀ
ਥਾਣਾ ਭੁਲੱਥ ਦੇ ਐਸਐਚਓ ਸਰਜਿੰਦਰ ਸਿੰਘ ਨੇ ਦੱਸਿਆ ਕਿ ਰਾਹਗੀਰਾਂ ਨੇ ਸੁਖਬੀਰ ਨੂੰ ਹਸਪਤਾਲ ਪਹੁੰਚਾਇਆ। ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ। ਹਸਪਤਾਲ ਪ੍ਰਸ਼ਾਸਨ ਨੇ ਤੁਰੰਤ ਮਾਮਲੇ ਦੀ ਸੂਚਨਾ ਪੁਲਿਸ ਨੂੰ ਦਿੱਤੀ। ਕਿਉਂਕਿ ਡਾਕਟਰ ਵੀ ਅਜੇ ਤੱਕ ਆਗੂ ਦੀ ਮੌਤ ਦਾ ਕਾਰਨ ਨਹੀਂ ਲੱਭ ਸਕੇ ਹਨ।
ਐਸਐਚਓ ਸਰਜਿੰਦਰ ਸਿੰਘ ਨੇ ਦੱਸਿਆ ਕਿ ਫਿਲਹਾਲ ਮ੍ਰਿਤਕ ਦੇ ਸਰੀਰ ‘ਤੇ ਕਿਸੇ ਤਰ੍ਹਾਂ ਦਾ ਕੋਈ ਨਿਸ਼ਾਨ ਨਹੀਂ ਹੈ। ਮੌਤ ਦੇ ਕਾਰਨਾਂ ਦਾ ਪਤਾ ਪੋਸਟਮਾਰਟਮ ਦੀ ਰਿਪੋਰਟ ਵਿੱਚ ਆਵੇਗਾ। ਫਿਲਹਾਲ ਪੁਲਿਸ ਨੇ ਪਰਿਵਾਰ ਦੇ ਬਿਆਨਾਂ ਦੇ ਆਧਾਰ ‘ਤੇ ਸੀਆਰਪੀਸੀ 174 ਤਹਿਤ ਕਾਰਵਾਈ ਕੀਤੀ ਹੈ।