ਪਟਿਆਲਾ, 2 ਅਕਤੂਬਰ | ਪਟਿਆਲਾ ਵਿਖੇ ਰੈਲੀ ਨੂੰ ਸੰਬੋਧਨ ਕਰਦਿਆਂ ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਕਿ ਹੁਣ ਪੰਜਾਬ ‘ਚ 7 ਤੋਂ 8 ਪਿੰਡਾਂ ਦੇ ਰੂਟ ਲਗਾ ਕੇ 35 ਸੀਟਾਂ ਵਾਲ਼ੀਆਂ ਬੱਸਾਂ ਚਲਾਈਆਂ ਜਾਣਗੀਆਂ। CM ਮਾਨ ਨੇ ਕਿਹਾ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਕਰਜ਼ਾ ਲੈਂਦੀ ਨਹੀਂ ਸਗੋਂ ਪਹਿਲਾਂ ਵਾਲਿਆਂ ਵੱਲੋਂ ਚੜ੍ਹਾਏ ਕਰਜ਼ੇ ਉਤਾਰੇ ਜਾ ਰਹੇ ਹਨ। 50 ਹਜ਼ਾਰ ਕਰੋੜ ਦਾ ਹਿਸਾਬ ਵੀ ਗਵਰਨਰ ਨੂੰ ਦਿੱਤਾ ਜਾਵੇਗਾ।
ਉਨ੍ਹਾਂ ਕਿਹਾ ਕਿ 550 ਕਰੋੜ ਦਾ ਪ੍ਰਾਜੈਕਟ ਸੂਬੇ ਦੇ ਸਿਹਤ ਖੇਤਰ ‘ਚ ਕ੍ਰਾਂਤੀ ਹੈ। ਸਰਕਾਰੀ ਹਸਪਤਾਲਾਂ ਨੂੰ ਨਿੱਜੀ ਹਸਪਤਾਲਾਂ ਦੇ ਬਰਾਬਰ ਖੜ੍ਹਾ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਪਟਿਆਲਾ ਸਿੱਖਿਆ ਦਾ ਹੱਬ ਹੈ, ਕਈ ਕਿਸਮ ਦੀ ਯੂਨੀਵਰਸਿਟੀ ਤੇ ਕਾਲਜ ਹਨ। ਇਲਾਜ ਪੱਖੋਂ ਰਜਿੰਦਰਾ ਹਸਪਤਾਲ ਵਰਗਾ ਵੱਡਾ ਹਸਪਤਾਲ ਹੈ, ਜਿਸਦੀ ਪਹਿਲੀਆਂ ਸਰਕਾਰਾਂ ਨੇ ਸਾਰ ਨਹੀਂ ਲਈ ਪਰ ਹੁਣ ਇਸਦੀ ਨੁਹਾਰ ਵੀ ਬਦਲੀ ਜਾ ਰਹੀ ਹੈ। ਹਸਪਤਾਲਾਂ ‘ਚ ਮਰੀਜ਼ਾਂ ਦੀ ਭੀੜ ਘਟਾਉਣ ਤੇ ਮਰੀਜ਼ ਦਾ ਘਰ ਵਿਚ ਹੀ ਇਲਾਜ ਕਰਨ ਦੀ ਯੋਜਨਾ ‘ਤੇ ਕੰਮ ਕੀਤਾ ਜਾ ਰਿਹਾ ਹੈ।
ਮੁੱਖ ਮੰਤਰੀ ਨੇ ਕਿਹਾ ਕਿ 5741 ਕਰੋੜ ਰੁਪਏ ਦੀ ਇੰਡਸਟਰੀ ਪੰਜਾਬ ‘ਚ ਆ ਰਹੀ ਹੈ, ਜਿਸ ਨਾਲ 2 ਲੱਖ 85 ਹਜ਼ਾਰ ਨੌਜਵਾਨਾਂ ਨੂੰ ਨੌਕਰੀਆਂ ਮਿਲਣੀਆਂ ਹਨ। ਕੇਂਦਰ ਵੀ ਮੰਨਦੀ ਹੈ ਕਿ ਪੰਜਾਬ ਵਿਚ ਸਭ ਤੋਂ ਵੱਧ ਛੋਟੀਆਂ ਫੈਕਟਰੀਆਂ ਰਜਿਸਟਰ ਹੋਈਆਂ ਹਨ।
ਵਿਰੋਧੀਆਂ ‘ਤੇ ਵਰ੍ਹਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਪਹਿਲਾਂ ਵਾਲੇ ਵਾਰੋ-ਵਾਰੀ ਲੋਕਾਂ ਨੂੰ ਲੁੱਟ ਕੇ ਆਪਣੇ ਘਰ ਭਰਦੇ ਰਹੇ ਹਨ। ਹੁਣ ਇਨ੍ਹਾਂ ਨੂੰ ਕੋਈ ਰਾਹ ਨਹੀਂ ਲੱਭ ਰਿਹਾ ਕਿਉਂਕਿ ਲੁੱਟਿਆ ਹੋਇਆ ਇਕ-ਇਕ ਪੈਸਾ ਵਾਪਸ ਲਿਆ ਜਾਵੇਗਾ। ਮੁੱਖ ਮੰਤਰੀ ਨੇ ਕਿਹਾ ਕਿ ਸਾਡੇ ਕੰਮ ‘ਚ ਥੋੜ੍ਹਾ ਸਮਾਂ ਲੱਗ ਸਕਦਾ ਹੈ ਪਰ ਹੋਵੇਗਾ ਜ਼ਰੂਰ।