ਭਾਜਪਾ ਦਾ ਦਫ਼ਤਰ ਘੇਰਨ ਜਾ ਰਹੀਆਂ ਆਮ ਆਦਮੀ ਪਾਰਟੀ ਦੀਆਂ ਮਹਿਲਾ ਵਰਕਰਾਂ ‘ਤੇ ਲਾਠੀਚਾਰਜ, ਅਨਮੋਲ ਗਗਨ ਸਣੇ ਕਈ ਆਗੂ ਜ਼ਖਮੀ, ਹਸਪਤਾਲ ਦਾਖਲ

0
1068

ਚੰਡੀਗੜ੍ਹ | ਆਮ ਆਦਮੀ ਪਾਰਟੀ ਪੰਜਾਬ ਦੇ ਮਹਿਲਾ ਵਿੰਗ ਦੀਆਂ ਵਰਕਰਾਂ ਨੇ ਔਰਤਾਂ ਅਤੇ ਕਿਸਾਨਾਂ ਖਿਲਾਫ ਭਾਜਪਾ ਆਗੂਆਂ ਵੱਲੋਂ ਭੱਦੀ ਸ਼ਬਦਾਵਲੀ ਬੋਲਣ ਤੇ ਹਮਲੇ ਕਰਨ ਦੇ ਵਿਰੋਧ ਵਿਚ ਚੰਡੀਗੜ੍ਹ ਸਥਿਤ ਭਾਜਪਾ ਦੇ ਸੂਬਾਈ ਦਫਤਰ ਦਾ ਘਿਰਾਓ ਕੀਤਾ।

ਮਹਿਲਾ ਵਰਕਰਾਂ ਨੇ ਨਰਿੰਦਰ ਮੋਦੀ, ਅਮਿਤ ਸ਼ਾਹ, ਮਨੋਹਰ ਲਾਲ ਖੱਟਰ ਤੇ ਭਾਜਪਾ ਖਿਲਾਫ ਨਾਅਰੇਬਾਜ਼ੀ ਕੀਤੀ। ਭਾਜਪਾ ਦਫਤਰ ਵੱਲ ਜਾ ਰਹੀਆਂ ਆਪ ਵਰਕਰਾਂ ਨੂੰ ਰੋਕਣ ਲਈ ਚੰਡੀਗੜ੍ਹ ਪੁਲਿਸ ਨੂੰ ਲਾਠੀਆਂ ਤੇ ਪਾਣੀ ਦੀਆਂ ਬੌਛਾੜਾਂ ਦੀ ਵਰਤੋਂ ਕਰਨੀ ਪਈ।

ਪੁਲਿਸ ਵੱਲੋਂ ਕੀਤੇ ਲਾਠੀਚਾਰਜ ਵਿੱਚ ਆਪ ਮਹਿਲਾ ਵਿੰਗ ਦੀ ਸੂਬਾ ਪ੍ਰਧਾਨ ਰਾਜਵਿੰਦਰ ਕੌਰ ਤੇ ਨੌਜਵਾਨ ਆਗੂ ਅਨਮੋਲ ਗਗਨ ਮਾਨ ਜ਼ਖਮੀ ਹੋ ਗਈਆਂ, ਜਿਨ੍ਹਾਂ ਨੂੰ ਹਸਪਤਾਲ ਦਾਖਲ ਕਰਵਾਉਣਾ ਪਿਆ।

ਐਤਵਾਰ ਨੂੰ ਭਾਰਤੀ ਜਨਤਾ ਪਾਰਟੀ ਦੇ ਸੂਬਾਈ ਦਫਤਰ ਦਾ ਘਿਰਾਓ ਕਰਨ ਲਈ ਆਮ ਆਦਮੀ ਪਾਰਟੀ ਦੇ ਮਹਿਲਾ ਵਿੰਗ ਦੀਆਂ ਵਰਕਰਾਂ ਚੰਡੀਗੜ੍ਹ ਦੇ ਸੈਕਟਰ 37 ਵਿਚ ਇਕੱਠੀਆਂ ਹੋਈਆਂ। ਇਸ ਤੋਂ ਬਾਅਦ ਉਨ੍ਹਾਂ ਨੇ ਸੂਬਾ ਪ੍ਰਧਾਨ ਰਾਜਵਿੰਦਰ ਕੌਰ ਥਿਆੜਾ ਤੇ ਅਨਮੋਲ ਗਗਨ ਮਾਨ ਦੀ ਅਗਵਾਈ ਵਿੱਚ ਭਾਜਪਾ ਦਫਤਰ ਵੱਲ ਮਾਰਚ ਸ਼ੁਰੂ ਕਰ ਦਿੱਤਾ।

ਮਹਿਲਾ ਵਿੰਗ ਦੀ ਸੂਬਾ ਪ੍ਰਧਾਨ ਨੇ ਕਿਹਾ ਕਿ ਸੱਤਾ ਦੇ ਹੰਕਾਰ ਵਿੱਚ ਭਾਜਪਾ ਦੇ ਗੁੰਡੇ ਦੇਸ਼ ਦੇ ਮੁੱਲਾਂ ਨੂੰ ਭੁੱਲ ਗਏ ਹਨ। ਸੱਤਾਧਾਰੀਆਂ ਦੀ ਪੁਲਿਸ ਵੀ ਔਰਤਾਂ ਤੇ ਕਿਸਾਨਾਂ ’ਤੇ ਹੋ ਰਹੇ ਅੱਤਿਆਚਾਰਾਂ ਨੂੰ ਆਪਣੀ ਪ੍ਰਾਪਤੀ ਮੰਨਣ ਲੱਗੀ ਹੈ।

ਭਾਜਪਾ ਦਫਤਰ ਵੱਲੋਂ ਜਾ ਰਹੀਆਂ ਵਰਕਰਾਂ ਨੂੰ ਰੋਕਣ ਵਿਚ ਜਦੋਂ ਚੰਡੀਗੜ੍ਹ ਪੁਲਿਸ ਪੂਰੀ ਤਰ੍ਹਾਂ ਨਾਕਾਮ ਹੋ ਰਹੀ ਸੀ ਤਾਂ ਪੁਲਿਸ ਨੂੰ ਉਨ੍ਹਾਂ ’ਤੇ ਪਾਣੀ ਦੀਆਂ ਬੌਛਾੜਾਂ ਤੇ ਲਾਠੀਚਾਰਜ ਕਰਨਾ ਪਿਆ।

ਪੁਲਿਸ ਵੱਲੋਂ ਕੀਤੀ ਗਈ ਕਾਰਵਾਈ ਵਿੱਚ ਕਈ ਵਰਕਰਾਂ ਜ਼ਖਮੀ ਹੋ ਗਈਆਂ, ਜਦਕਿ ਕਈ ਵਰਕਰਾਂ ਨੂੰ ਪੁਲਿਸ ਨੇ ਹਿਰਾਸਤ ਵਿਚ ਵੀ ਲਿਆ। ਬਾਅਦ ਵਿਚ ਉਨ੍ਹਾਂ ਨੂੰ ਛੱਡ ਦਿੱਤਾ ਗਿਆ।

(ਨੋਟ – ਪੰਜਾਬ ਦੀਆਂ ਜ਼ਰੂਰੀ ਖਬਰਾਂ ਲਈ ਸਾਡੇ ਵਟਸਐਪ ਗਰੁੱਪ ਨਾਲ ਜੁੜੋ ਟੈਲੀਗ੍ਰਾਮ ‘ਤੇ ਵੀ ਪੰਜਾਬੀ ਬੁਲੇਟਿਨ ਚੈਨਲ ਨਾਲ ਜੁੜਿਆ ਜਾ ਸਕਦਾ ਹੈ https://t.me/punjabibulletin)