3 ਮਹੀਨੇ ਪਹਿਲਾਂ ਵਿਦੇਸ਼ ਗਏ ਨੌਜਵਾਨ ਦੀ ਸੜਕ ਹਾਦਸੇ ‘ਚ ਮੌਤ, ਪਰਿਵਾਰ ‘ਚ ਛਾਇਆ ਮਾਤਮ

0
542

 ਹੁਸ਼ਿਆਰਪੁਰ | ਟਾਂਡਾ ਦੇ ਪਿੰਡ ਖਾਨਪੁਰ ਦੇ 33 ਸਾਲਾ ਨੌਜਵਾਨ ਲਖਵਿੰਦਰ ਸਿੰਘ ਦੀ ਦੁਬਈ ਵਿੱਚ ਸੜਕ ਹਾਦਸੇ ਵਿੱਚ ਮੌਤ ਹੋ ਗਈ। ਨੌਜਵਾਨ ਦੀ ਮੌਤ ਕਾਰਨ ਪੂਰੇ ਪਿੰਡ ਵਿੱਚ ਸੋਗ ਦੀ ਲਹਿਰ ਹੈ।

ਮ੍ਰਿਤਕ ਨੌਜਵਾਨ ਲਖਵਿੰਦਰ ਦੇ ਪਿਤਾ ਪ੍ਰਗਟ ਸਿੰਘ ਨੇ ਦੱਸਿਆ ਕਿ ਉਸ ਦੇ ਦੋ ਲੜਕੇ ਹਨ ਅਤੇ ਲਖਵਿੰਦਰ ਛੋਟਾ ਪੁੱਤਰ ਸੀ। ਲਖਵਿੰਦਰ ਤਿੰਨ ਮਹੀਨੇ ਪਹਿਲਾਂ ਹੀ ਦੁਬਈ ਗਿਆ ਸੀ ਅਤੇ ਇੱਕ ਨਾਨ ਫੂਡ ਐਲਆਈਸੀ ਕੰਪਨੀ ਵਿੱਚ ਡਲਿਵਰੀ ਬੁਆਏ ਵਜੋਂ ਕੰਮ ਕਰਦਾ ਸੀ। ਲਖਵਿੰਦਰ ਆਪਣੇ ਕੰਮ ਤੋਂ ਬਹੁਤ ਖੁਸ਼ ਸੀ।

ਉਸ ਨੇ ਦੱਸਿਆ ਕਿ ਕੁਝ ਦਿਨ ਪਹਿਲਾਂ ਹੀ ਲਖਵਿੰਦਰ ਨੇ ਫੋਨ ‘ਤੇ ਦੱਸਿਆ ਸੀ ਕਿ ਉਸ ਕੋਲ ਦੁਬਈ ਦਾ ਡਰਾਈਵਿੰਗ ਲਾਇਸੰਸ ਵੀ ਬਣਿਆ ਹੋਇਆ ਹੈ। ਇਸ ਕਾਰਨ ਪੂਰੇ ਪਰਿਵਾਰ ‘ਚ ਖੁਸ਼ੀ ਦੀ ਲਹਿਰ ਦੌੜ ਗਈ ਪਰ ਕੱਲ ਸ਼ਾਮ 6 ਵਜੇ ਜਦੋਂ ਲਖਵਿੰਦਰ ਦੀ ਮੌਤ ਦੀ ਖਬਰ ਆਈ ਤਾਂ ਸਾਰੀਆਂ ਖੁਸ਼ੀਆਂ ਮਾਤਮ ‘ਚ ਬਦਲ ਗਈਆਂ।

ਪਰਗਟ ਸਿੰਘ ਦਾ ਕਹਿਣਾ ਹੈ ਕਿ ਸਾਨੂੰ ਫੋਨ ‘ਤੇ ਦੱਸਿਆ ਗਿਆ ਸੀ ਕਿ ਡਿਲੀਵਰੀ ਦੇ ਕੰਮ ਦੌਰਾਨ ਲਖਵਿੰਦਰ ਦਾ ਐਕਸੀਡੈਂਟ ਹੋ ਗਿਆ ਅਤੇ ਉਸ ਦੀ ਮੌਤ ਹੋ ਗਈ। ਪਰਿਵਾਰ ਨੇ ਕੇਂਦਰ ਸਰਕਾਰ ਅਤੇ ਸੂਬਾ ਸਰਕਾਰ ਨੂੰ ਅਪੀਲ ਕੀਤੀ ਹੈ ਕਿ ਲਖਵਿੰਦਰ ਦੀ ਮੌਤ ਦੀ ਜਾਂਚ ਕਰਵਾਈ ਜਾਵੇ ਅਤੇ ਉਸਦੀ ਮ੍ਰਿਤਕ ਦੇਹ ਨੂੰ ਪਿੰਡ ਖਾਨਪੁਰ ਲਿਜਾਣ ਵਿੱਚ ਸਹਿਯੋਗ ਦਿੱਤਾ ਜਾਵੇ ਤਾਂ ਜੋ ਪਰਿਵਾਰ ਉਸਦਾ ਅੰਤਿਮ ਸੰਸਕਾਰ ਕਰ ਸਕੇ।