ਅਦਾਲਤ ’ਚੋਂ ਤਰੀਕ ਭੁਗਤ ਕੇ ਜਾ ਰਹੇ ਨੌਜਵਾਨ ਨੂੰ ਰਸਤੇ ’ਚ ਮੋਟਰਸਾਈਕਲ ਸਵਾਰਾਂ ਨੇ ਮਾਰੀ ਗੋਲੀ

0
585

ਗੁਰਦਾਸਪੁਰ, 6 ਅਕਤੂਬਰ | ਪੁਲਿਸ ਥਾਣਾ ਕਲਾਨੌਰ ਅਧੀਨ ਆਉਂਦੇ ਪਿੰਡ ਖੱਦਰ ਨੇੜੇ ਦੇਰ ਸ਼ਾਮ ਅਦਾਲਤ ਵਿਚੋਂ ਤਾਰੀਕ ਭੁਗਤ ਕੇ ਅਪਣੇ ਸਹੁਰੇ ਪਿੰਡ ਪਕੀਵਾ ਜਾ ਰਹੇ ਨੌਜਵਾਨ ਨੂੰ ਮੋਟਰਸਾਈਕਲ ਚਾਲਕਾਂ ਵਲੋਂ ਗੋਲੀ ਮਾਰ ਦਿੱਤੀ ਗਈ। ਇਸ ਸਬੰਧੀ ਕਮਿਊਨਿਟੀ ਸਿਹਤ ਕੇਂਦਰ ਕਲਾਨੌਰ ਵਿਖੇ ਜਾਣਕਾਰੀ ਦਿੰਦਿਆਂ ਹੋਇਆਂ ਮਹਿਲਾ ਅਮਰਜੀਤ ਵਾਸੀ ਪਕੀਵਾਂ ਨੇ ਦੱਸਿਆ ਕਿ ਮੇਰਾ ਜਵਾਈ ਵਿਜੇ ਮਸੀਹ ਪੁੱਤਰ ਪ੍ਰੇਮ ਮਸੀਹ ਪਿੰਡ ਭਗਠਾਣਾ ਬੋਹੜਾਂ ਵਾਲਾ ਅਦਾਲਤ ਵਿਚੋਂ ਤਰੀਕ ਭੁਗਤ ਕੇ ਕਾਰ ਰਾਹੀਂ ਅਪਣੇ ਸਹੁਰੇ ਪਿੰਡ ਮੇਰੀ ਧੀ ਸੁਮਨ ਜੋ ਪੇਕੇ ਪਿੰਡ ਪਕੀਵਾ ਆਈ ਹੋਈ ਸੀ, ਨੂੰ ਲੈਣ ਆ ਰਿਹਾ ਸੀ ਕਿ ਰਸਤੇ ਵਿਚ ਹੀ ਉਸ ਦੇ ਜਵਾਈ ਨੂੰ ਗੋਲੀ ਮਾਰ ਦਿਤੀ ਗਈ ਜਿਸ ਦੀ ਖ਼ਬਰ ਉਨ੍ਹਾਂ ਨੂੰ ਲੋਕਾਂ ਵਲੋਂ ਦਿਤੀ ਗਈ।

ਅਮਰਜੀਤ ਨੇ ਦਸਿਆ ਕਿ ਸਾਨੂੰ ਫੋਨ ਰਾਹੀਂ ਦਸਿਆ ਸੀ ਕਿ ਵਿਜੇ ਮਸੀਹ ਨੂੰ ਗੋਲੀ ਲੱਗਣ ਤੇ ਉਸ ਨੂੰ ਹਸਪਤਾਲ ਵਿਖੇ ਲਜਾਇਆ ਜਾ ਰਿਹਾ ਹੈ ਪ੍ਰੰਤੂ ਬਾਅਦ ਵਿਚ ਪਤਾ ਲੱਗਾ ਕਿ ਵਿਜੇ ਮਸੀਹ ਨੂੰ ਅੰਮ੍ਰਿਤਸਰ ਵਿਖੇ ਇਲਾਜ ਲਈ ਲਿਜਾਇਆ ਗਿਆ ਹੈ। ਡੀਐਸਪੀ ਗੁਰਵਿੰਦਰ ਸਿੰਘ ਨੇ ਦਸਿਆ ਕਿ ਨੌਜਵਾਨ ਦੀ ਹਾਲਤ ਠੀਕ ਹੈ ਅਤੇ ਇਹ ਮਾਮਲਾ ਗੈਂਗਵਾਰ ਦਾ ਦਸਿਆ ਜਾ ਰਿਹਾ ਹੈ। ਇਸ ਸਬੰਧੀ ਮਾਮਲਾ ਦਰਜ ਕੀਤਾ ਜਾ ਰਿਹਾ ਹੈ।