ਅੰਮ੍ਰਿਤਸਰ ‘ਚ ਲੁਟੇਰਿਆਂ ਨੇ ਮਾਰਤਾ ਨੌਜਵਾਨ, ਫੋਨ ਖੋਹਣ ਦੌਰਾਨ ਵਿਰੋਧ ਕਰਨ ‘ਤੇ ਮਾਰੀ ਗੋਲੀ

0
397

ਅੰਮ੍ਰਿਤਸਰ, 24 ਸਤੰਬਰ | 3 ਲੁਟੇਰਿਆਂ ਨੇ ਇਕ ਪ੍ਰਵਾਸੀ ਦਾ ਫੋਨ ਖੋਹਣ ਦੀ ਕੋਸ਼ਿਸ਼ ਕੀਤੀ। ਜਦੋਂ ਪ੍ਰਵਾਸੀ ਨੇ ਫੋਨ ਦੇਣ ਤੋਂ ਇਨਕਾਰ ਕਰ ਦਿੱਤਾ ਤੇ ਵਿਰੋਧ ਕਰਨ ਦੀ ਕੋਸ਼ਿਸ਼ ਕੀਤੀ ਤਾਂ ਲੁਟੇਰਿਆਂ ਨੇ ਉਸ ਨੂੰ ਗੋਲੀ ਮਾਰ ਦਿੱਤੀ। ਬੁਰੀ ਤਰ੍ਹਾਂ ਨਾਲ ਜ਼ਖਮੀ ਪ੍ਰਵਾਸੀ ਦੀ ਹਸਪਤਾਲ ‘ਚ ਇਲਾਜ ਦੌਰਾਨ ਮੌਤ ਹੋ ਗਈ। ਮ੍ਰਿਤਕ ਦਾ ਨਾਮ ਅਨਿਲ ਕੁਮਾਰ ਹੈ ਤੇ ਉਹ ਯੂਪੀ ਦਾ ਰਹਿਣ ਵਾਲਾ ਸੀ। ਘਟਨਾ ਵਡਾਲਾ ਜੌਹਲ ਇਲਾਕੇ ਦੀ ਹੈ, ਜਿੱਥੇ ਉਹ ਕੰਬਾਈਨ ਅਪਰੇਟਰ ਦਾ ਕੰਮ ਕਰਦਾ ਸੀ।

ਸੂਚਨਾ ਮਿਲਣ ‘ਤੇ ਥਾਣਾ ਵਡਾਲਾ ਜੌਹਲ ਦੀ ਪੁਲਿਸ ਨੇ ਮੌਕੇ ‘ਤੇ ਪਹੁੰਚ ਕੇ ਅਣਪਛਾਤੇ ਲੁਟੇਰਿਆਂ ਖਿਲਾਫ ਮਾਮਲਾ ਦਰਜ ਕਰ ਲਿਆ। ਇਸ ਦੇ ਨਾਲ ਹੀ ਲਾਸ਼ ਦਾ ਪੋਸਟਮਾਰਟਮ ਕਰਵਾ ਕੇ ਪਰਿਵਾਰ ਵਾਲਿਆਂ ਨੂੰ ਸੌਂਪ ਦਿੱਤੀ ਗਈ ਹੈ।

ਜਾਣਕਾਰੀ ਅਨੁਸਾਰ ਅਨਿਲ ਕੁਮਾਰ (25) ਵਾਸੀ ਯੂਪੀ ਅੰਮ੍ਰਿਤਸਰ ਦੇ ਵਡਾਲਾ ਜੌਹਲ ਵਿਚ ਕੰਬਾਈਨ ਚਲਾਉਂਦਾ ਸੀ। ਐਤਵਾਰ ਸਵੇਰੇ ਕਰੀਬ 9.30 ਵਜੇ ਉਹ ਆਪਣੇ ਕੰਮ ਵਾਲੀ ਥਾਂ ਦੇ ਬਾਹਰ ਮੰਜੇ ‘ਤੇ ਬੈਠਾ ਫੋਨ ਦੇਖ ਰਿਹਾ ਸੀ। ਕੁਝ ਹੀ ਦੇਰ ‘ਚ ਤਿੰਨ ਨੌਜਵਾਨ ਬਾਈਕ ‘ਤੇ ਆਏ ਤੇ ਉਸ ਤੋਂ ਫੋਨ ਖੋਹਣ ਲੱਗੇ। ਅਨਿਲ ਨੇ ਫ਼ੋਨ ਦੇਣ ਤੋਂ ਇਨਕਾਰ ਕਰ ਦਿੱਤਾ। ਇਸ ਤੋਂ ਬਾਅਦ ਲੁਟੇਰਿਆਂ ਨੇ ਅਨਿਲ ਦੀ ਕੁੱਟਮਾਰ ਕਰਨੀ ਸ਼ੁਰੂ ਕਰ ਦਿੱਤੀ। ਇਸ ‘ਤੇ ਅਨਿਲ ਦੀ ਲੁਟੇਰਿਆਂ ਨਾਲ ਝੜਪ ਵੀ ਹੋ ਗਈ। ਇਸੇ ਦੌਰਾਨ ਇਕ ਲੁਟੇਰੇ ਨੇ ਪਿਸਤੌਲ ਕੱਢ ਕੇ ਸਿੱਧੀ ਗੋਲੀ ਚਲਾ ਦਿੱਤੀ। ਗੋਲੀ ਅਨਿਲ ਦੀ ਛਾਤੀ ਦੇ ਕੋਲ ਲੱਗੀ।

ਗੋਲੀ ਚਲਾਉਣ ਤੋਂ ਬਾਅਦ ਲੁਟੇਰੇ ਮੌਕੇ ਤੋਂ ਫਰਾਰ ਹੋ ਗਏ। ਗੋਲੀ ਦੀ ਆਵਾਜ਼ ਸੁਣ ਕੇ ਉਸ ਦਾ ਭਰਾ ਤੇ ਕਮਰੇ ਅੰਦਰ ਖਾਣਾ ਖਾ ਰਹੇ ਹੋਰ ਮਜ਼ਦੂਰ ਬਾਹਰ ਭੱਜੇ ਤੇ ਤੁਰੰਤ ਉਸ ਨੂੰ ਹਸਪਤਾਲ ਲੈ ਗਏ ਪਰ ਸੋਮਵਾਰ ਸਵੇਰੇ ਉਸ ਦੀ ਮੌਤ ਹੋ ਗਈ। ਥਾਣਾ ਵਡਾਲਾ ਜੌਹਲ ਦੀ ਪੁਲਿਸ ਨੇ ਲਾਸ਼ ਦਾ ਪੋਸਟਮਾਰਟਮ ਕਰਵਾ ਕੇ ਪਰਿਵਾਰਕ ਮੈਂਬਰਾਂ ਨੂੰ ਸੌਂਪ ਦਿੱਤੀ। ਪੁਲਿਸ ਮੁਤਾਬਕ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਸੀਸੀਟੀਵੀ ਵੀ ਖੰਗਾਲੇ ਜਾ ਰਹੇ ਹਨ ਤੇ ਜਲਦੀ ਹੀ ਮੁਲਜ਼ਮਾਂ ਨੂੰ ਕਾਬੂ ਕਰ ਲਿਆ ਜਾਵੇਗਾ।