ਅਬੋਹਰ | ਇਥੋਂ ਇਕ ਵੱਡੀ ਖਬਰ ਸਾਹਮਣੇ ਆਈ ਹੈ। ਅਬੋਹਰ ਦੇ ਅਜੀਤ ਨਗਰ ਦੇ ਰਹਿਣ ਵਾਲੇ ਇਕ ਨੌਜਵਾਨ ਨੂੁੰ ਵੀਰਵਾਰ ਰਾਤ ਨੂੰ ਕੁਝ ਅਣਪਛਾਤੇ ਨੌਜਵਾਨਾਂ ਨੇ ਚਾਕੂ ਮਾਰ ਕੇ ਜ਼ਖਮੀ ਕਰ ਦਿੱਤਾ। ਮੁਲਜ਼ਮ ਉਸ ਤੋਂ 8 ਹਜ਼ਾਰ ਦੀ ਨਕਦੀ ਖੋਹ ਕੇ ਫਰਾਰ ਹੋ ਗਏ। ਜ਼ਖਮੀ ਨੌਜਵਾਨ ਨੂੰ ਇਲਾਜ ਲਈ ਸਰਕਾਰੀ ਹਸਪਤਾਲ ਦਾਖਲ ਕਰਵਾਇਆ ਗਿਆ, ਜਿਥੋਂ ਉਸ ਦੀ ਹਾਲਤ ਗੰਭੀਰ ਦੇਖਦਿਆਂ ਫਰੀਦਕੋਟ ਰੈਫਰ ਕਰ ਦਿੱਤਾ ਗਿਆ।

ਥਾਣਾ ਨੰ. 1 ਦੇ ਇੰਚਾਰਜ ਸੰਜੀਵ ਕੁਮਾਰ ਨੇ ਦੱਸਿਆ ਕਿ ਅਜੇ ਤੱਕ ਇਹ ਮਾਮਲਾ ਉਨ੍ਹਾਂ ਦੇ ਧਿਆਨ ਵਿਚ ਨਹੀਂ ਹੈ ਪਰ ਜਿਵੇਂ ਹੀ ਉਨ੍ਹਾਂ ਨੂੰ ਐਮਐਲਆਰ ਦੀ ਰਿਪੋਰਟ ਮਿਲੇਗੀ, ਉਸ ਦੇ ਆਧਾਰ ’ਤੇ ਕਾਰਵਾਈ ਕੀਤੀ ਜਾਵੇਗੀ। ਵੀਰੂ ਪੁੱਤਰ ਮਾਹਲਾ ਸਿੰਘ ਉਮਰ ਕਰੀਬ 18 ਸਾਲ, ਭੈਣ ਜਸਵਿੰਦਰ ਕੌਰ ਨੇ ਦੱਸਿਆ ਕਿ ਉਸ ਦਾ ਭਰਾ ਟਰੱਕ ਆਪਰੇਟਰ ਹੈ ਅਤੇ ਉਸ ਨੂੰ ਕੱਲ੍ਹ ਹੀ ਤਨਖਾਹ ਮਿਲੀ ਸੀ।
ਜਸਵਿੰਦਰ ਅਨੁਸਾਰ ਉਹ ਰਾਤ ਕਰੀਬ 9 ਵਜੇ ਪੰਜਪੀਰ ਦਰਗਾਹ ‘ਤੇ ਮੱਥਾ ਟੇਕਣ ਗਿਆ ਸੀ। ਜਦੋਂ ਉਹ ਉਥੋਂ ਪ੍ਰਸ਼ਾਦ ਲੈ ਕੇ ਜਾ ਰਿਹਾ ਸੀ ਤਾਂ ਉਸ ਦੇ ਨਾਲ ਖੜ੍ਹੇ ਨੌਜਵਾਨਾਂ ਨੇ ਉਸ ਦੀ ਜੇਬ ‘ਚ ਪੈਸੇ ਦੇਖ ਕੇ ਉਸ ‘ਤੇ ਨਜ਼ਰ ਰੱਖੀ। ਜਦੋਂ ਉਹ ਬਾਹਰ ਆਇਆ ਤਾਂ ਉਕਤ 4 ਨੌਜਵਾਨ ਉਸ ਨੂੰ ਜ਼ਬਰਦਸਤੀ ਆਪਣੇ ਨਾਲ ਲੈ ਗਏ ਅਤੇ ਉਸ ਦੀ ਕੁੱਟਮਾਰ ਕੀਤੀ।
ਜਦੋਂ ਉਸ ਨੇ ਵਿਰੋਧ ਕੀਤਾ ਤਾਂ ਉਕਤ ਨੌਜਵਾਨਾਂ ਨੇ ਵੀਰੂ ਦੇ ਢਿੱਡ ‘ਚ ਚਾਕੂ ਮਾਰ ਕੇ ਉਸ ਤੋਂ 8 ਹਜ਼ਾਰ ਰੁਪਏ ਦੀ ਨਕਦੀ ਖੋਹ ਲਈ ਅਤੇ ਫ਼ਰਾਰ ਹੋ ਗਏ। ਲੋਕਾਂ ਨੇ ਉਸ ਨੂੰ ਸਰਕਾਰੀ ਹਸਪਤਾਲ ਪਹੁੰਚਾਇਆ ਪਰ ਉਹ ਉਸ ਨੂੰ ਸ੍ਰੀਗੰਗਾਨਗਰ ਦੇ ਸਰਕਾਰੀ ਹਸਪਤਾਲ ਲੈ ਗਏ।






































