ਕੈਨੇਡਾ ‘ਚ ਲੁਧਿਆਣਾ ਦੇ ਨੌਜਵਾਨ ਦੀ ਸੜਕ ਹਾਦਸੇ ‘ਚ ਮੌਤ; ਤੇਜ਼ ਰਫਤਾਰ ਕਾਰ ਨੇ ਮਾਰੀ ਭਿਆਨਕ ਟੱਕਰ

0
919

ਲੁਧਿਆਣਾ, 25 ਅਕਤੂਬਰ | ਕੈਨੇਡਾ ਵਿਚ ਪੰਜਾਬੀ ਨੌਜਵਾਨ ਦੀ ਸੜਕ ਹਾਦਸੇ ‘ਚ ਮੌਤ ਹੋਣ ਦੀ ਖ਼ਬਰ ਸਾਹਮਣੇ ਆਈ ਹੈ। ਮ੍ਰਿਤਕ ਦੀ ਪਛਾਣ ਗੁਰਮਿੰਦਰ ਸਿੰਘ ਗਰੇਵਾਲ ਵਜੋਂ ਹੋਈ ਹੈ। ਮ੍ਰਿਤਕ ਦੀ ਉਮਰ ਅਜੇ 24 ਸਾਲ ਹੀ ਸੀ। ਮ੍ਰਿਤਕ ਨੌਜਵਾਨ ਲੁਧਿਆਣਾ ਦੇ ਪਿੰਡ ਦੇਹੜਕਾ ਦਾ ਰਹਿਣ ਵਾਲਾ ਸੀ।

ਮ੍ਰਿਤਕ ਦੇ ਪਰਿਵਾਰ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਗੁਰਮਿੰਦਰ ਸਾਢੇ 5 ਸਾਲ ਪਹਿਲਾਂ 12ਵੀਂ ਦੀ ਪੜ੍ਹਾਈ ਤੋਂ ਬਾਅਦ ਆਈਲੈਟਸ ਕਰਕੇ ਕੈਨੇਡਾ ਦੇ ਸ਼ਹਿਰ ਕੈਲਗਰੀ ਗਿਆ ਸੀ। ਕੱਲ ਉਹ ਸੈਮੀ ਟਰੱਕ ਲੈ ਕੇ ਐਡਮਿੰਟਨ ਜਾ ਰਿਹਾ ਸੀ ਤਾਂ ਰਸਤੇ ‘ਚ ਟਰੱਕ ‘ਚ ਖਰਾਬੀ ਆ ਗਈ ਤੇ ਉਹ ਟਰੱਕ ਸੜਕ ਦੇ ਕਿਨਾਰੇ ਖੜ੍ਹਾ ਕਰਕੇ ਪੁਲਿਸ ਨੂੰ ਸੂਚਿਤ ਕਰਨ ਤੋਂ ਬਾਅਦ ਟਰੱਕ ਦੇ ਆਲੇ-ਦੁਆਲੇ ਰਿਫਲੈਕਟਰ ਲਗਾਉਣ ਲੱਗ ਗਿਆ।

ਇਸ ਦੌਰਾਨ ਤੇਜ਼ ਰਫ਼ਤਾਰ ਕਾਰ ਨੇ ਉਸ ਨੂੰ ਟੱਕਰ ਮਾਰ ਦਿੱਤੀ, ਜਿਸ ਕਾਰਨ ਗੁਰਮਿੰਦਰ ਦੀ ਮੌਕੇ ‘ਤੇ ਹੀ ਮੌਤ ਹੋ ਗਈ। ਦੱਸ ਦਈਏ ਕਿ ਗੁਰਮਿੰਦਰ ਸਿੰਘ ਕੈਨੇਡਾ ‘ਚ ਪੱਕਾ ਹੋ ਗਿਆ ਸੀ ਤੇ ਜਲਦ ਹੀ ਉਸ ਨੇ ਪਿੰਡ ਆਉਣਾ ਸੀ।