ਗ੍ਰੀਸ ਤੋਂ ਆਏ ਨੌਜਵਾਨ ਦੀ ਭਿਆਨਕ ਹਾਦਸੇ ‘ਚ ਮੌਤ, ਹੁਸ਼ਿਆਰਪੁਰ ‘ਚ ਇਨੋਵਾ ‘ਤੇ ਜਾਂਦਿਆਂ ਟਰੈਕਟਰ-ਟਰਾਲੀ ਨੇ ਮਾਰੀ ਟੱਕਰ

0
1065

ਹੁਸ਼ਿਆਰਪੁਰ/ਟਾਂਡਾ ਉੜਮੁੜ, 11 ਦਸੰਬਰ | ਟਾਂਡਾ-ਸ੍ਰੀ ਹਰਿਗੋਬਿੰਦਪੁਰ ਰੋਡ ‘ਤੇ ਪਿੰਡ ਗੁਰਾਲਾ ਮੋੜ ਨੇੜੇ ਦੇਰ ਰਾਤ ਵਾਪਰੇ ਸੜਕ ਹਾਦਸੇ ਵਿਚ ਨੌਜਵਾਨ ਦੀ ਮੌਤ ਹੋ ਗਈ। ਮ੍ਰਿਤਕ ਸੁਖਪ੍ਰੀਤ ਸਿੰਘ ਸੁੱਖਾ ਪੁੱਤਰ ਭੁਪਿੰਦਰ ਸਿੰਘ ਵਾਸੀ ਪਿੰਡ ਪੁਲ ਪੁਖਤਾ ਕੁਝ ਦਿਨ ਪਹਿਲਾਂ ਹੀ ਗ੍ਰੀਸ ਤੋਂ ਪਰਤਿਆ ਸੀ।

ਹਾਦਸਾ ਰਾਤ ਨੂੰ ਵਾਪਰਿਆ ਜਦੋਂ ਪਿੰਡ ਰੜਾ ਵੱਲੋਂ ਆਪਣੇ ਪਿੰਡ ਵੱਲ ਆ ਰਹੇ ਇਨੋਵਾ ਸਵਾਰ ਸੁਖਪ੍ਰੀਤ ਦੀ ਗੱਡੀ ਵਿਚ ਗੰਨਿਆਂ ਨਾਲ ਭਰੀ ਟਰੈਕਟਰ-ਟਰਾਲੀ ਨੇ ਟੱਕਰ ਮਾਰ ਦਿੱਤੀ, ਜਿਸ ਤੋਂ ਬਾਅਦ ਬੇਕਾਬੂ ਹੋਈ ਗੱਡੀ ਸੜਕ ਕਿਨਾਰੇ ਦਰੱਖ਼ਤ ਵਿਚ ਜਾ ਟਕਰਾਈ। ਬਸਤੀ ਬੋਹੜਾ ਪੁਲਿਸ ਚੌਕੀ ਦੀ ਟੀਮ ਨੇ ਲੋਕਾਂ ਦੀ ਮਦਦ ਨਾਲ ਸੁਖਪ੍ਰੀਤ ਨੂੰ ਜ਼ਖ਼ਮੀ ਹਾਲਤ ਵਿਚ ਟਾਂਡਾ ਦੇ ਸਰਕਾਰੀ ਹਸਪਤਾਲ ਲਿਆਂਦਾ ਪਰ ਉਸ ਦੀ ਮੌਤ ਹੋ ਚੁੱਕੀ ਸੀ। ਟਾਂਡਾ ਪੁਲਿਸ ਨੇ ਅੱਜ ਸੁਖਪ੍ਰੀਤ ਦੇ ਪਿਤਾ ਦੇ ਬਿਆਨਾਂ ਦੇ ਆਧਾਰ ‘ਤੇ ਹਾਦਸੇ ਲਈ ਜ਼ਿੰਮੇਵਾਰ ਟਰੈਕਟਰ ਚਾਲਕ ਖ਼ਿਲਾਫ਼ ਮਾਮਲਾ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।